ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਪੰਜਾਬ ਵਿੱਚ ਹੁਣ ਜਦੋਂ ਸਰਕਾਰੀ ਥਰਮਲ ਲਹਿਰਾ ਮੁਹੱਬਤ ਅਤੇ ਰੋਪੜ ਦੇ ਸਾਰੇ ਯੂਨਿਟ ਬੰਦ ਪਏ ਹਨ ਤਾਂ ਉਸ ਵੇਲੇ ਮਾਨਸਾ ਨੇੜਲੇ ਬਣਾਂਵਾਲਾ ਤਾਪ ਘਰ ਅਤੇ ਰਾਜਪੁਰਾ ਥਰਮਲ ਪਲਾਂਟ ਨੇ ਅੱਜ ਮੁੜ ਸਭ ਤੋਂ ਵੱਧ ਬਿਜਲੀ ਪੈਦਾ ਕਰ ਕੇ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਖ਼ਪਤਕਾਰਾਂ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਦਿਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਅੱਜ ਆਪਣੀ ਕੁੱਲ ਸਮਰੱਥਾ 1980 ’ਚੋਂ 1856 ਮੈਗਾਵਾਟ ਬਿਜਲੀ ਸਪਲਾਈ ਕਰ ਕੇ ਇਸ ਵਾਰ ਦੀ ਰਿਕਾਰਡ ਪੈਦਾਵਾਰ ਕੀਤੀ ਹੈ। ਪ੍ਰਬੰਧਕਾਂ ਅਨੁਸਾਰ ਪਹਿਲੇ ਯੂਨਿਟ ਨੇ 616, ਦੂਜੇ ਨੇ 622 ਅਤੇ ਤੀਜੇ ਯੂਨਿਟ ਨੇ 619 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ। ਹਾਈਡਰੋ ਪਾਵਰ ਸਟੇਸ਼ਨਾਂ ਤੋਂ ਲਗਾਤਾਰ ਬਿਜਲੀ ਦੀ ਸਪਲਾਈ ਘਟਣ ਲੱਗੀ ਹੈ। ਇਸੇ ਤਰ੍ਹਾਂ ਜੀਜੀਐੱਸਐੱਸਟੀਪੀ ਰੋਪੜ ਅਤੇ ਜੀਐੱਚਟੀਪੀ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਅੱਜ ਚੌਥੇ ਦਿਨ ਵੀ ਬੰਦ ਰਹੇ।
ਰਾਜਪੁਰਾ ਤਾਪ ਘਰ ਨੇ 1322 ਮੈਗਾਵਾਟ ਬਿਜਲੀ ਸਪਲਾਈ ਕੀਤੀ
ਐੱਲਐਂਡਟੀ ਤਾਪ ਘਰ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਤੋਂ 666 ਅਤੇ ਯੂਨਿਟ ਨੰਬਰ-2 ਤੋਂ 656 ਮੈਗਾਵਾਟ ਤਹਿਤ ਕੁੱਲ 1322 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਾਪ ਘਰ ਦੀ ਸਮਰੱਥਾ 1400 ਮੈਗਾਵਾਟ ਹੈ। ਇਸੇ ਦੌਰਾਨ ਜੀਵੀਕੇ ਗੋਬਿੰਦਵਾਲ ਦਾ ਇੱਕ ਯੂਨਿਟ ਲਗਾਤਾਰ ਚਾਰ ਦਿਨਾਂ ਤੋਂ ਬੰਦ ਹੈ ਅਤੇ ਯੂਨਿਟ ਨੰਬਰ-1 ਨੇ ਅੱਜ 184 ਮੈਗਾਵਾਟ ਬਿਜਲੀ ਸਪਲਾਈ ਕੀਤੀ।