ਚੰਡੀਗੜ੍ਹ (ਟਨਸ): ਪੰਜਾਬ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਲਾਡੋਵਾਲ ਟੌਲ ਪਲਾਜ਼ੇ ’ਤੇ ਉਸ ’ਤੇ ਖਾਤੇ ’ਚੋਂ ਨਾਜਾਇਜ਼ ਤੌਰ ’ਤੇ 220 ਰੁਪਏ ਟੌਲ ਵਜੋਂ ਕੱਟੇ ਗਏ ਹਨ ਜਦਕਿ ਉਸ ਸਮੇਂ ਉਹ ਆਪਣੀ ਗੱਡੀ ਸਣੇ ਘਰ ’ਚ ਮੌਜੂਦ ਸੀ। ਸੁੰਦਰਦੀਪ ਸਿੰਘ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਾਡੋਵਾਲ ਟੌਲ ਪਲਾਜ਼ਾ ’ਤੇ 14 ਅਗਸਤ ਨੂੰ ਦੁਪਹਿਰ 2 ਵਜੇ ਹੋਈ ਟਰਾਂਜ਼ੈਕਸ਼ਨ ਦਾ ਸਕਰੀਨਸ਼ਾਟ ਵੀ ਸਾਂਝਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਇਸ ਮਹੀਨੇ ਇਸ ਰੂਟ ’ਤੇ ਸਫਰ ਨਹੀਂ ਕੀਤਾ। ਐਕਸ ’ਤੇ ਪੋਸਟ ’ਚ ਉਸ ਨੇ ਲਿਖਿਆ, ‘‘ਹਾਇ, ਫਾਸਟੈਗ ਐੱਨਈਟੀਸੀ। ਮੇਰੇ ਖਾਤੇ ’ਚੋਂ ਪੈਸੇ ਉਦੋਂ ਕੱਟੇ ਗਏ ਜਦੋਂ ਮੈਂ ਆਪਣੇ ਘਰ ਵਿੱਚ ਸੀ ਅਤੇ ਇੱਥੋਂ ਤੱਕ ਇਸ ਮਹੀਨੇ ਮੈਂ ਇਸ ਰੂਟ ’ਤੇ ਵੀ ਨਹੀ ਗਿਆ।’’ ਸੁੰਦਰਦੀਪ ਸਿੰਘ ਨੂੰ ਸਬੰਧਤ ਬੈਂਕ ਦੇ ਸਰਵਿਸ ਡੈਸਕ ’ਤੇ ਜਾ ਕੇ ਇਸ ਬਾਰੇ ਸ਼ਿਕਾਇਤ ਕਰਨ ਲਈ ਆਖਿਆ ਗਿਆ। ਉਨ੍ਹਾਂ ਵੱਲੋਂ ਉਸ ਨੂੰ ਸ਼ਿਕਾਇਤ ਦਾ ਨਿਬੇੜਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ।