ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 4 ਨਵੰਬਰ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਵਫ਼ਦ ਨੇ ਅੱਜ ਇੱਥੇ ਪੰਜਾਬ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਮੀਟਿੰਗ ਵਿੱਚ ਕਿਰਤ ਮੰਤਰੀ ਨੇ ਭਰੋਸਾ ਦਿੱਤਾ ਕਿ ਨਿਰਮਾਣ ਮਜ਼ਦੂਰਾਂ ਲਈ ਹਰ ਲੇਬਰ ਚੌਕ ਵਿੱਚ ਉਨ੍ਹਾਂ ਨਾਲ ਸਬੰਧਤ ਸਾਰੀਆਂ ਯੋਜਨਾਵਾਂ ਦੇ ਲਿਖਤੀ ਬੋਰਡ ਲਗਾਏ ਜਾਣਗੇ। ਇਸ ਤੋਂ ਇਲਾਵਾ ਕਿਰਤ ਇੰਸਪੈਕਟਰ ਅਤੇ ਉਸ ਦੇ ਨਾਲ ਸਬੰਧਤ ਅਮਲਾ ਲਗਾਇਆ ਜਾਵੇਗਾ ਜੋ ਹਰ ਲੇਬਰ ਚੌਕ ’ਚ ਸਵੇਰੇ 7 ਵਜੇ ਤੋਂ 10 ਵਜੇ ਤੱਕ ਆਪਣੇ ਕੰਪਿਊਟਰਾਂ ਸਮੇਤ ਮਜ਼ਦੂਰਾਂ ਸਬੰਧੀ ਯੋਜਨਾਵਾਂ ਅਤੇ ਦਾਅਵਿਆਂ ਦੇ ਫ਼ਾਰਮ ਖੁਦ ਭਰਿਆ ਕਰਨਗੇ। ਸੀਟੂ ਆਗੂਆਂ ਨੇ ਆਖਿਆ ਕਿ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ ਖੇਤ ਮਜ਼ਦੂਰਾਂ ਦੇ ਬਰਾਬਰ 437 ਰੁਪਏ ਕੀਤੀ ਜਾਵੇਗੀ, ਪਹਿਲੀ ਸਤੰਬਰ ਤੋਂ ਮਹਿੰਗਾਈ ਭੱਤੇ ਦੀ ਬਣਦੀ ਕਿਸ਼ਤ 11 ਨਵੰਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ, ਕਿਰਤ ਮਹਿਕਮੇ ਨਾਲ ਸਬੰਧਤ ਤਿੰਨ ਧਿਰੀ ਕਮੇਟੀਆਂ ਦਾ ਗਠਨ ਦਾ ਕੰਮ ਤੁਰੰਤ ਆਰੰਭ ਦਿੱਤਾ ਜਾਵੇਗਾ। ਇਨ੍ਹਾਂ ਵਿਚ ਸੀਟੂ ਨਾਲ ਸਬੰਧਤ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨਾਲ ਮੀਟਿੰਗ ਵਿੱਚ ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਅਮਰਨਾਥ ਕੂੰਮਕਲਾਂ, ਦਲਜੀਤ ਕੁਮਾਰ ਗੋਰਾ ਤੇ ਨੈਬ ਸਿੰਘ ਲੋਚਮਾਂ ਸ਼ਾਮਲ ਸਨ। ਆਗੂਆਂ ਅਨੁਸਾਰ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਟਰੇਡ ਯੂਨੀਅਨ ਦੀਆਂ ਬਾਕੀ ਮੰਗਾਂ 8 ਘੰਟੇ ਕੰਮ ਦੇ ਸਮੇਂ ਨੂੰ ਵਧਾਉਣ ਵਾਲੀ ਨੋਟੀਫਿਕੇਸ਼ਨ ਨੂੰ ਰੱਦ ਕਰਨ, ਚਾਰ ਲੇਬਰ ਕੋਡ ਲਾਗੂ ਕਰਨ ਲਈ ਬਣਾਏ ਕਾਂਗਰਸ ਸਰਕਾਰ ਸਮੇਂ ਦੇ ਨਿਯਮ ਰੱਦ ਕਰਨ, ਪੇਂਡੂ ਚੌਕੀਦਾਰਾਂ ਨੂੰ ਹਰਿਆਣਾ ਦੀ ਤਰਜ਼ ’ਤੇ ਉਜਰਤਾਂ ਅਤੇ ਸਾਮਾਨ ਮੁੱਹਈਆ ਕਰਵਾਉਣ ਸਬੰਧੀ ਮੀਟਿੰਗ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸੀਟੂ ਦੇ ਸੂਬਾਈ ਆਗੂਆਂ ਨੇ ਜ਼ਿਲ੍ਹਿਆਂ ਅਤੇ ਯੂਨੀਅਨਾਂ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 8 ਨਵੰਬਰ ਦੀ ਰੈਲੀ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ।