ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਨਵੰਬਰ
ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ (ਰਾਮਬਾਗ਼) ਵਿੱਚ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਕਈ ਪੁਰਾਣੇ ਦਰੱਖ਼ਤ ਸਿਊਂਕ ਲੱਗਣ ਕਰਕੇ ਸੁੱਕ ਕੇ ਡਿੱਗਣ ਲੱਗੇ ਹਨ। ਇਸ ਇਤਿਹਾਸਕ ਇਮਾਰਤ ਅਤੇ ਬਾਗ਼ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਇਸ ਵੇਲੇ ਭਾਰਤੀ ਪੁਰਾਤੱਤਵ ਵਿਭਾਗ, ਪੰਜਾਬ ਵਿਰਾਸਤੀ ਅਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਅਤੇ ਨਗਰ ਨਿਗਮ ਕੋਲ ਹੈ। ਇੱਥੇ ਬਣਿਆ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵੀ ਨਗਰ ਨਿਗਮ ਦੇ ਪ੍ਰਬੰਧ ਹੇਠ ਹੈ।
ਇੱਥੇ ਕਈ ਦਰੱਖ਼ਤ ਸਿਊਂਕ ਕਾਰਨ ਅੰਦਰੋਂ ਖੋਖਲੇ ਹੋਣ ਮਗਰੋਂ ਡਿੱਗ ਚੁੱਕੇ ਹਨ ਤੇ ਕਈ ਦਰੱਖ਼ਤਾਂ ਨੂੰ ਸਿਊਂਕ ਲੱਗੀ ਦੇਖੀ ਜਾ ਸਕਦੀ ਹੈ। ਇਨ੍ਹਾਂ ਵਿੱਚੋਂ ਕਈ ਦਰੱਖ਼ਤ 19ਵੀਂ ਸਦੀ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚੋਂ ਕੁਝ ਸਿਰਫ਼ ਹਿਮਾਲਿਆ ਅਤੇ ਨੀਲਗਿਰੀ ਦੀਆਂ ਪਹਾੜੀਆਂ ਵਿੱਚ ਹੀ ਮਿਲਦੇ ਹਨ। ਇਨ੍ਹਾਂ ਦਰੱਖ਼ਤਾਂ ਅਤੇ ਬਾਗ਼ਾਂ ਕਾਰਨ ਹੀ ਇਸ ਸਮਰ ਪੈਲੇਸ ਦੀ ਸੁੰਦਰ ਦਿੱਖ ਬਣੀ ਹੋਈ ਹੈ।
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਤੋਂ ਇੱਹ ਤੱਥ ਸਾਹਮਣੇ ਆਏ ਹਨ ਕਿ ਇੱਥੇ ਸਿਰਫ਼ ਇੱਕ ਸਫ਼ਾਈ ਕਰਮਚਾਰੀ ਹੀ ਤਾਇਨਾਤ ਹੈ। ਇਸ ਤੋਂ ਇਲਾਵਾ 29 ਬੇਲਦਾਰ ਅਤੇ ਮਾਲੀ ਕੰਮ ਕਰ ਰਹੇ ਹਨ। ਸਿਊਂਕ ਦੇ ਹਮਲੇ ਤੋਂ ਇਲਾਵਾ ਇੱਥੇ ਚੂਹਿਆਂ ਨੇ ਵੀ ਖੁੱਡਾਂ ਬਣਾਈਆਂ ਹੋਈਆਂ ਹਨ, ਜਿਸ ਕਾਰਨ ਦਰੱਖ਼ਤਾਂ ਹੇਠਲੀ ਜ਼ਮੀਨ ਖਾਲੀ ਹੋ ਚੁੱਕੀ ਹੈ। ਲੋਕ ਇੱਥੇ ਪੰਛੀਆਂ ਨੂੰ ਦਾਣਾ ਪਾਉਂਦੇ ਹਨ, ਜਿਸ ਕਰਕੇ ਪੰਛੀਆਂ ਨਾਲ ਚੂਹੇ ਵੀ ਇੱਥੇ ਆ ਗਏ ਹਨ। ਇਸ ਤੋਂ ਇਲਾਵਾ ਬਾਗ਼ਾਂ ਵਿੱਚੋਂ ਵੱਡੇ ਪੱਧਰ ’ਤੇ ਮਿੱਟੀ ਪੁੱਟਣ ਕਾਰਨ ਦਰੱਖ਼ਤਾਂ ਦੀਆਂ ਜੜ੍ਹਾਂ ਨੰਗੀਆਂ ਹੋ ਗਈਆਂ ਹਨ ਅਤੇ ਦਰੱਖ਼ਤ ਕਮਜ਼ੋਰ ਹੋ ਗਏ ਹਨ।
ਵਾਤਾਵਰਨ ਪ੍ਰੇਮੀ ਪੀ.ਐੱਸ ਭੱਟੀ ਨੇ ਆਖਿਆ ਕਿ ਉਨ੍ਹਾਂ ਨੇ ਨਗਰ ਨਿਗਮ ਦੀ ਮਦਦ ਨਾਲ ਅੱਜ ਤੋਂ ਇੱਥੇ ਸਿਊਂਕ ਨਾਲ ਪ੍ਰਭਾਵਿਤ ਦਰੱਖ਼ਤਾਂ ਨੂੰ ਬਚਾਉਣ ਲਈ ਦਵਾਈ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਉਹ ਪਹਿਲਾਂ ਵੀ ਕਈ ਪਾਰਕਾਂ ਵਿੱਚ ਬੂਟਿਆਂ ਨੂੰ ਸਿਊਂਕ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਕਰ ਚੁੱਕੇ ਹਨ।