ਜਗਮੋਹਨ ਸਿੰਘ
ਰੂਪਨਗਰ, 10 ਅਗਸਤ
ਅੱਜ ਇੱਥੇ ਸੋਲਖੀਆਂ ਟੋਲ ਪਲਾਜ਼ਾ ਨੇੜੇ ਇੱਕ ਤੇਜ਼ ਰਫਤਾਰ ਟਰੱਕ ਨੇ ਕੌਮੀ ਮਾਰਗ ਕਿਨਾਰੇ ਫਾਸਟ ਟੈਗ ਲਗਾਉਣ ਦਾ ਕੰਮ ਕਰਨ ਵਾਲੇ ਤਿੰਨ ਵਿਅਕਤੀਆਂ ਸਮੇਤ ਇੱਕ ਹੋਰ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿੰਘ ਭਗਵੰਤਪੁਰ ਪੁਲੀਸ ਨੇ ਹਾਦਸੇ ਸਬੰਧੀ ਕੇਸ ਦਰਜ ਕਰਕੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦੋਂਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਤਫਤੀਸ਼ੀ ਅਧਿਕਾਰੀ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਲਿਖਵਾਏ ਬਿਆਨਾਂ ’ਚ ਕੁਲਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਥਰਮਾਜਰਾ ਨੇ ਦੱਸਿਆ ਕਿ ਉਸ ਦੇ ਪਿਤਾ ਸੁਰਜੀਤ ਸਿੰਘ ਬੱਸ ਤੋਂ ਸੋਲਖੀਆਂ ਟੋਲ ਪਲਾਜ਼ਾ ਨੇੜੇ ਉੱਤਰ ਕੇ ਆਪਣੇ ਪਿੰਡ ਵੱਲ ਨੂੰ ਆ ਰਹੇ ਸਨ ਤੇ ਜਦੋਂ ਉਹ ਆਪਣੇ ਪਿਤਾ ਜੀ ਨੂੰ ਲੈਣ ਲਈ ਟੋਲ ਪਲਾਜ਼ਾ ਦੇ ਨੇੜੇ ਪੁੱਜਿਆ ਤਾਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਇਆ ਇੱਕ ਤੇਜ਼ ਰਫਤਾਰ ਟਰੱਕ ਸੜਕ ਕਿਨਾਰੇ ਪੈਦਲ ਤੁਰੇ ਜਾ ਰਹੇ ਉਸ ਦੇ ਪਿਤਾ ਸੁਰਜੀਤ ਸਿੰਘ ਨੂੰ ਟੱਕਰ ਮਾਰਨ ਉਪਰੰਤ ਸੜਕ ਦੇ ਡਿਵਾਇਡਰ ਤੇ ਬੈਠ ਕੇ ਫਾਸਟ ਟੈਗ ਲਗਾ ਰਹੇ ਵਿਅਕਤੀਆਂ ’ਤੇ ਜਾ ਚੜ੍ਹਿਆ, ਜਿਸ ਦੌਰਾਨ ਫਾਸਟ ਟੈਗ ਲਗਾ ਰਹੇ ਵਿਅਕਤੀਆਂ ਵਿਚੋਂ ਰਵੀ ਪ੍ਰਕਾਸ਼ ਨਾਮਕ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦੇ ਪਿਤਾ ਅਤੇ ਫਾਸਟ ਟੈਗ ਲਗਾਉਣ ਵਾਲੇ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਸ ਨੇ ਦੱਸਿਆ ਕਿ ਇਲਾਜ ਦੌਰਾਨ ਉਸ ਦੇ ਪਿਤਾ ਸੁਰਜੀਤ ਸਿੰਘ ਦੀ ਵੀ ਮੌਤ ਹੋ ਗਈ। ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਉਕਤ ਹਾਦਸੇ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।