ਪੱਤਰ ਪ੍ਰੇਰਕ
ਮਾਨਸਾ, 3 ਜੂਨ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨਿਚਰਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਇਸ ਨਾਲ ਮਾਲਵੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਤਹਿਤ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਹਨ। ਇਸ ਲਈ ਮਾਨਸਾ, ਬਠਿੰਡਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਅੱਜ ਨੁੱਕੜ ਮੀਟਿੰਗਾਂ ਹੋਈਆਂ ਹਨ।
ਇਸ ਸਬੰਧੀ ਸਾਬਕਾ ਸੰਸਦੀ ਸਕੱਤਰ ਤੇ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਦੱਸਿਆ ਕਿ ਅਮਿਤ ਸ਼ਾਹ ਦੀ ਆਮਦ ’ਤੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਹੋ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰਾਂ ਪਾਰਟੀਆਂ ਦੇ ਨੇਤਾ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਹਨ। ਚਾਰ ਜੂਨ ਨੂੰ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੋਰ ਪਾਰਟੀਆਂ ਦੇ ਨੇਤਾਵਾਂ ਸਣੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ। ਸ੍ਰੀ ਨਕਈ ਨੇ ਦੱਸਿਆ ਕਿ ਮਾਲਵਾ ਖੇਤਰ ’ਚੋਂ ਬਾਦਲਾਂ ਦੀ ਰਾਜਨੀਤੀ ਤੋਂ ਅੱਕੇ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਲੱਗੇ ਹਨ ਅਤੇ ਭਲਕੇ ਮਾਲਵਾ ਖੇਤਰ ਦੇ ਵੱਡੇ ਆਗੂ ਅਤੇ ਮਾਝੇ ਅਤੇ ਦੁਆਬੇ ਦੇ ਦਿਗਜ਼ ਨੇਤਾ ਭਾਜਪਾ ਦਾ ਪੱਲਾ ਫੜ੍ਹ ਰਹੇ ਹਨ।
ਸਾਬਕਾ ਵਿਧਾਇਕ ਸਿੰਗਲਾ ਹੋਣਗੇ ਭਾਜਪਾ ’ਚ ਸ਼ਾਮਲ
ਬਠਿੰਡਾ (ਪੱਤਰ ਪ੍ਰੇਰਕ): ਹਲਕਾ ਬਠਿੰਡਾ ਤੋਂ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਿੰਗਲਾ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਉਮੀਦਵਾਰ ਹੁੰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਪਾਰਟੀ ਵੱਲੋਂ ਹੀ ਵਿਰੋਧ ਦਾ ਮਾਮਲਾ ਉਠਾਇਆ ਸੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਇਸ ਤੋਂ ਇਨਕਾਰ ਕੀਤਾ ਸੀ ਪਰ ਸ੍ਰੀ ਸਿੰਗਲਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ’ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਦੇ ਦੋਸ਼ ਲਾਉਂਦਿਆਂ 16 ਮਾਰਚ 2022 ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਜਦੋਂ ਕਾਂਗਰਸ ਦੇ ਵੱਡੇ ਆਗੂ ਭਾਜਪਾ ਦਾ ਪੱਲਾ ਫੜ ਰਹੇ ਹਨ ਤਾਂ ਨੇ ਸ੍ਰੀ ਸਿੰਗਲਾ ਨੇ ਵੀ ਚਾਰ ਜੂਨ ਨੂੰ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਸ਼ਰਤ ਚਾਰ ਜੂਨ ਨੂੰ ਚੰਡੀਗੜ੍ਹ ਵਿੱਚ ਭਾਜਪਾ ’ਚ ਸ਼ਾਮਲ ਹੋ ਰਹੇ ਹਨ।