ਜੋਗਿੰਦਰ ਸਿੰਘ ਮਾਨ
ਮਾਨਸਾ, 12 ਦਸੰਬਰ
ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਮਾਨਸਾ ਵਿਖੇ ਚਾਰ ਘੰਟਿਆਂ ਲਈ ਦਿੱਲੀ-ਬਠਿੰਡਾ ਰੇਲਵੇ ਲਾਈਨ ’ਤੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ 23 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਨਾਲ ਸਾਂਝੇ ਮਜ਼ਦੂਰ ਮੋਰਚਾ ਦੀ ਹੋਈ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮਜ਼ਦੂਰ ਮੰਗਾਂ ਲਾਗੂ ਨਾ ਕੀਤੀਆਂ ਤਾਂ ਮਜ਼ਦੂਰ ਹੋਰ ਵੀ ਤਿੱਖਾ ਸੰਘਰਸ਼ ਕਰਨਗੇ। ਪੰਜਾਬ ਭਰ ਵਿੱਚ ਲਾਏ ਇਨ੍ਹਾਂ ਧਰਨਿਆਂ ਵਿੱਚ ਮਜ਼ਦੂਰ ਮੁਕਤੀ ਮੋਰਚਾ,ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪੰਜਾਬ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਵੱਲੋਂ ਭਾਗ ਲਿਆ ਗਿਆ। ਇਥੇ ਰੇਲਵੇ ਲਾਈਨਾਂ ’ਤੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੈਪਟਨ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂਂ ਨਵੇਂ ਬਣਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਥੋੜੇ ਸਮੇਂ ਵਿੱਚ ਹੀ ਸਭ ਤੋਂ ਲਾਰੇ ਲਾਊ ਸਰਕਾਰ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਇਸ ਮੌਕੇ ਨਿੱਕਾ ਬਹਾਦਰਪੁਰ, ਗੁਰਦੀਪ ਸਿੰਘ ਆਲਮਪੁਰ, ਕਿ੍ਸ਼ਨ ਚੌਹਾਨ, ਵਿਜੈ ਭੀਖੀ, ਗੁਰਮੀਤ ਸਿੰਘ ਨੰਦਗੜ੍ਹ, ਮੱਖਣ ਸਿੰਘ ਉੱਡਤ, ਧੰਨਾ ਮੱਲ ਗੋਇਲ, ਧਰਮਪਾਲ ਨੀਟਾ, ਕਮਲਪ੍ਰੀਤ ਕੌਰ ਝੁਨੀਰ ਤੇ ਜਰਨੈਲ ਸਿੰਘ ਮਾਨਸਾ ਨੇ ਸੰਬੋਧਨ ਕੀਤਾ।
ਸੰਗਤ ਮੰਡੀ(ਧਰਮਪਾਲ ਸਿੰਘ ਤੂਰ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਸੰਗਤ ਵਿਖੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਵੱਲੋਂ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਕੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਦੋਖੀ ਸੋਧਾਂ ਵਾਪਸ ਲੈਣ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟਣ ਵਿਰੁੱਧ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਲਛਮਣ ਸਿੰਘ ਸੇਵੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪ੍ਰਕਾਸ਼ ਸਿੰਘ ਨੰਦਗੜ੍ਹ ਤੋਂ ਇਲਾਵਾ ਮਿੱਠੂ ਸਿੰਘ ਘੁੱਦਾ ਤੇ ਕਾਲਾ ਸਿੰਘ ਖੂਨਣ ਖੁਰਦ, ਕਾਲਾ ਸਿੰਘ ਸਿੰਘੇਵਾਲਾ, ਜਸਪਾਲ ਕੌਰ, ਗੁਰਜੰਟ ਸਿੰਘ ਅਤੇ ਭਰਾਤਰੀ ਤੌਰ ‘ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਹਰਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਮਤਾ ਪਾਸ ਕਰਕੇ ਮਾਨਸਾ ਵਿਖੇ ਮੁੱਖ ਮੰਤਰੀ ਦੇ ਦੌਰੇ ਸਮੇਂ ਇੱਕ ਡੀਐੱਸਪੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਉਤੇ ਅੰਨਾਂ ਤਸ਼ੱਦਦ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਨੂੰ ਸਸਪੈਂਡ ਕਰਕੇ ਫੌਜੀਦਾਰੀ ਧਾਰਾ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ।