ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਾਰਚ
ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਸੰਯੁਕਤ ਸਮਾਜ ਮੋਰਚਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ| ਸੰਯੁਕਤ ਸਮਾਜ ਮੋਰਚੇ ਦੇ ਕਰਤਾ-ਧਰਤਾ ਬਲਵੀਰ ਸਿੰਘ ਰਾਜੇਵਾਲ ਹਲਕਾ ਸਮਰਾਲਾ ਤੋਂ ਆਪਣੀ ਜ਼ਮਾਨਤ ਰਾਸ਼ੀ ਵੀ ਨਹੀਂ ਬਚਾਅ ਸਕੇ| ਸਮਰਾਲਾ ਹਲਕੇ ਤੋਂ 14 ਉਮੀਦਵਾਰ ਚੋਣ ਪਿੜ ਵਿੱਚ ਸਨ, ਜਿਨ੍ਹਾਂ ’ਚੋਂ ਰਾਜੇਵਾਲ ਛੇਵੇਂ ਨੰਬਰ ’ਤੇ ਆਏ ਹਨ ਅਤੇ ਉਨ੍ਹਾਂ ਨੂੰ ਸਿਰਫ 4676 ਵੋਟਾਂ ਹੀ ਪ੍ਰਾਪਤ ਹੋਈਆਂ ਹਨ, ਜੋ ਕਿ 3.5 ਫ਼ੀਸਦੀ ਬਣਦੀਆਂ ਹਨ| ਉਨ੍ਹਾਂ ਤੋਂ ਵੱਧ ਵੋਟ ਤਾਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਹਾਸਲ ਕਰ ਗਏ ਹਨ| ਸੰਯੁਕਤ ਸਮਾਜ ਮੋਰਚੇ ਦੇ 93 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ 10 ਉਮੀਦਵਾਰ ਗੁਰਨਾਮ ਸਿੰਘ ਚੜੂਨੀ ਵੱਲੋਂ ਉਤਾਰੇ ਗਏ ਸਨ| ਇਨ੍ਹਾਂ 103 ਉਮੀਦਵਾਰਾਂ ’ਚੋਂ ਸਿਰਫ ਹਲਕਾ ਮੌੜ ਤੋਂ ਸੰਯੁਕਤ ਸਮਾਜ ਮੋਰਚਾ ਦਾ ਉਮੀਦਵਾਰ ਲੱਖਾ ਸਿਧਾਣਾ ਹੀ ਦੂਜੇ ਨੰਬਰ ’ਤੇ ਰਿਹਾ ਹੈ| ਹਲਕਾ ਮੌੜ ਤੋਂ ‘ਆਪ’ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਨੇ 63,079 ਵੋਟਾਂ ਨਾਲ ਜੇਤੂ ਰਹੇ, ਜਦੋਂਕਿ ਇੱਥੋਂ ਦੂਜੇ ਨੰਬਰ ’ਤੇ ਲੱਖਾ ਸਿਧਾਣਾ ਰਹੇ ਹਨ, ਜਿਨ੍ਹਾਂ ਨੂੰ 28,091 ਵੋਟਾਂ ਮਿਲੀਆਂ ਹਨ|
ਕਿਸਾਨ ਮੌਕਾ ਨਹੀਂ ਸਾਂਭ ਸਕੇ: ਪ੍ਰੋ. ਮਨਜੀਤ
ਸੰਯੁਕਤ ਸਮਾਜ ਮੋਰਚਾ ਦੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਸਲ ਵਿਚ ਪੰਜਾਬ ਦੇ ਲੋਕ ਰਵਾਇਤੀ ਰਾਜ ਪ੍ਰਬੰਧ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਸਨ ਅਤੇ ਜੇ ਕਿਤੇ ਕਿਸਾਨ ਮੋਰਚਾ ਮੌਕੇ ਸਿਰ ਵੇਲਾ ਸਾਂਭ ਲੈਂਦਾ ਤਾਂ ਅੱਜ ਜੋ ਹੁੰਗਾਰਾ ‘ਆਪ’ ਨੂੰ ਮਿਲਿਆ ਹੈ, ਉਹੀ ਹੁੰਗਾਰਾ ਸੰਯੁਕਤ ਸਮਾਜ ਮੋਰਚਾ ਨੂੰ ਮਿਲਣਾ ਸੀ| ਲੋਕਾਂ ਕੋਲ ਕੋਈ ਬਦਲ ਨਹੀਂ ਸੀ, ਜਿਸ ਕਰਕੇ ਲੋਕ ‘ਆਪ’ ਵੱਲ ਉਲਾਰ ਹੋ ਗਏ|