ਜਸਵੰਤ ਜੱਸ
ਫ਼ਰੀਦਕੋਟ, 21 ਜੂਨ
ਕਰੋਨਾਵਾਇਰਸ ਕਾਰਨ ਤਾਲਾਬੰਦੀ ਮਗਰੋਂ ਸਾਰੇ ਖਦਸ਼ਿਆਂ ਨੂੰ ਦਰ-ਕਿਨਾਰ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਨੇ ਪੰਜਾਬ ਵਿੱਚ 411 ਸਟਾਫ਼ ਨਰਸਾਂ ਦੀ ਭਰਤੀ ਲਈ ਅੱਜ ਇੱਥੇ ਪ੍ਰੀਖਿਆ ਲਈ, ਜੋ ਪੂਰੀ ਤਰ੍ਹਾਂ ਸਫ਼ਲ ਦੱਸੀ ਜਾ ਰਹੀ ਹੈ। ਦੋ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੇ ਵੀ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿੱਚ ਇਹ ਪ੍ਰੀਖਿਆ ਦਿੱਤੀ। ਕਰੋਨਾਵਾਇਰਸ ਕਰ ਕੇ ਇਹ ਪ੍ਰੀਖਿਆ ਵਿਵਾਦਾਂ ਵਿੱਚ ਘਿਰੀ ਹੋਈ ਸੀ। ਬਾਬਾ ਫ਼ਰੀਦ ਯੂਨੀਵਰਸਿਟੀ ਨੇ ਸਟਾਫ਼ ਨਰਸਾਂ ਦੀ ਭਰਤੀ ਲਈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 84 ਸੈਂਟਰ ਸਥਾਪਤ ਕੀਤੇ ਸਨ। ਇਸ ਭਰਤੀ ਲਈ ਪੰਜਾਬ ਭਰ ਵਿੱਚੋਂ 8500 ਦੇ ਕਰੀਬ ਉਮੀਦਵਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ। ਪ੍ਰੀਖਿਆ ਵਿੱਚ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਦੀ ਬਾਕਾਇਦਾ ਤੌਰ ’ਤੇ ਪ੍ਰੀਖਿਆ ਕੇਂਦਰ ਦੇ ਬਾਹਰ ਸਿਹਤ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਮਿਲੀ। ਕਰੋਨਾਵਾਇਰਸ ਦੇ ਖਤਰੇ ਕਾਰਨ ਉਮੀਦਵਾਰਾਂ ਨੂੰ ਆਪਣੇ ਪਿੱਤਰੀ ਜ਼ਿਲ੍ਹਿਆਂ ਵਿੱਚ ਪ੍ਰੀਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਹਰੇਕ ਪ੍ਰੀਖਿਆ ਕੇਂਦਰ ਵਿੱਚ 100 ਤੋਂ ਵੱਧ ਉਮੀਦਵਾਰਾਂ ਨੂੰ ਨਹੀਂ ਬੈਠਣ ਦਿੱਤਾ ਗਿਆ। ਅੱਜ ਲਈ ਗਈ ਪ੍ਰੀਖਿਆ ਦਾ ਨਤੀਜਾ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ। ਸਫ਼ਲ ਉਮੀਦਵਾਰਾਂ ਨੂੰ ਮੁਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੇ ਹਸਪਤਾਲਾਂ ਵਿੱਚ ਸੇਵਾਵਾਂ ਲਈ ਭੇਜਿਆ ਜਾਣਾ ਹੈ। ਇਸ ਪ੍ਰੀਖਿਆ ਦੇ ਸਫ਼ਲ ਹੋਣ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਮੈਡੀਕਲ ਸਿੱਖਿਆ ਦੀਆਂ ਬਾਕੀ ਪ੍ਰੀਖਿਆਵਾਂ ਲੈਣ ਦੀਆਂ ਤਰੀਕਾਂ ਵੀ ਜਲਦ ਐਲਾਨ ਸਕਦੀ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਨੇ ਲੈਬ ਟੈਕਨੀਸ਼ਨਾਂ ਦੀ ਸੰਭਾਵੀ ਤਰੀਕ 30 ਜੂਨ ਐਲਾਨ ਦਿੱਤੀ ਹੈ।