ਆਤਿਸ਼ ਗੁਪਤਾ
ਚੰਡੀਗੜ੍ਹ, 17 ਅਕਤੂਬਰ
ਪੰਜਾਬ ’ਚ ਝੋਨੇ ਦੀ ਵਾਢੀ ਦੌਰਾਨ ਮੌਸਮ ਦੇ ਖਰਾਬ ਹੋਣ ਕਾਰਨ ਕਿਸਾਨ ਘਬਰਾ ਗਏ ਹਨ। ਇਕ ਪਾਸੇ ਖੇਤਾਂ ਵਿੱਚ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਇਸੇ ਦੌਰਾਨ ਅੱਜ ਪੰਜਾਬ ’ਚ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਉੱਥੇ ਪੰਜਾਬ ਸਰਕਾਰ ਦੇ ਖ਼ਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਦੂਜੇ ਪਾਸੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ ਅਤੇ ਪਾਰਾ ਆਮ ਨਾਲੋਂ ਅੰਦਾਜ਼ਨ 5 ਤੋਂ 6 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਹੈ, ਜਿਸ ਕਾਰਨ ਮੌਸਮ ਠੰਢਾ ਹੋ ਗਿਆ ਹੈ।
ਸੂਬੇ ਦੀਆਂ ਮੰਡੀਆਂ ’ਚ ਅਕਤੂਬਰ ਮਹੀਨੇ ਦੇ ਚੜ੍ਹਦੇ ਦਿਨਾਂ ਤੋਂ ਹੀ ਝੋਨੇ ਦੀ ਫ਼ਸਲ ਦੀ ਖਰੀਦ ਸ਼ੁਰੂ ਹੋ ਗਈ ਸੀ। ਇਸ ਸਾਲ ਝੋਨੇ ਦੀ ਬਿਜਾਈ ਪਿਛੇਤੀ ਹੋਣ ਕਾਰਨ ਅਤੇ ਸਮੇਂ-ਸਮੇਂ ’ਤੇ ਪਏ ਭਰਵੇਂ ਮੀਂਹਾਂ ਕਾਰਨ ਫ਼ਸਲ ਵਿੱਚ ਨਮੀ ਦੀ ਮਾਤਰਾ ਵੱਧ ਪਾਈ ਜਾ ਰਹੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਫ਼ਸਲਾਂ ਦੀ ਖਰੀਦ ਲਈ ਨਮੀ ਦੀ ਮਾਤਰਾ ਪਹਿਲਾਂ ਨਾਲੋਂ ਵੀ ਘਟਾ ਦਿੱਤੀ ਹੈ, ਜਿਸ ਕਾਰਨ ਮੰਡੀਆਂ ’ਚ ਪਿਛਲੇ ਸਾਲ ਦੇ ਮੁਕਾਬਲੇ ਫ਼ਸਲ ਘੱਟ ਪਹੁੰਚੀ ਹੈ ਅਤੇ ਉਹ ਵੀ ਖਰੀਦ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਸੁੱਕਣ ਲਈ ਪਾਈ ਹੋਈ ਹੈ। ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਨਾ ਹੋਣ ਤੇ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ। ਇਸੇ ਤਰ੍ਹਾਂ ਨਰਮੇ ਦੀ ਚੁਗਾਈ ਵੀ ਪ੍ਰਭਾਵਿਤ ਹੋਈ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 18 ਅਕਤੂਬਰ ਨੂੰ ਵੀ ਸੂਬੇ ਭਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਬਠਿੰਡਾ, ਫਰੀਦਕੋਟ, ਬਰਨਾਲਾ, ਮਾਨਸਾ, ਫਿਰੋਜ਼ਪੁਰ, ਜਲੰਧਰ, ਮੁਹਾਲੀ, ਰੋਪੜ ਸਣੇ ਹੋਰਨਾਂ ਇਲਾਕਿਆਂ ਵਿੱਚ ਕਿਣ-ਮਿਣ ਹੁੰਦੀ ਰਹੀ ਹੈ। ਸਵੇਰ ਤੋਂ ਹੀ ਰਹੀ ਕਿਣ-ਮਿਣ ਕਾਰਨ ਪਾਰਾ ਆਮ ਨਾਲੋਂ 5 ਤੋਂ 6 ਡਿਗਰੀ ਹੇਠਾਂ ਡਿੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ, ਪਠਾਨਕੋਟ, ਫਰੀਦਕੋਟ, ਨੂਰਮਹਿਲ, ਮੁਹਾਲੀ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ, ਗੁਰਦਾਸਪੁਰ, ਜਲੰਧਰ, ਪਟਿਆਲਾ ਅਤੇ ਰੋਪੜ ’ਚ 29 ਡਿਗਰੀ ਸੈਲਸੀਅਸ ਅਤੇ ਬਠਿੰਡਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮੋਗਾ ਅਤੇ ਸੰਗਰੂਰ ’ਚ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਵਿੱਚ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ
ਮਾਨਸਾ (ਜੋਗਿੰਦਰ ਸਿੰਘ ਮਾਨ): ਕੇਰਲਾ ਵਿੱਚ ਭਾਰੀ ਮੀਂਹ ਪੈਣ ਮਗਰੋਂ ਹੁਣ ਪੰਜਾਬ ਵਿੱਚ ਠੰਢੀਆਂ ਤੇਜ਼ ਹਵਾਵਾਂ ਚੱਲਣ ਤੇ ਭਰਵਾਂ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਅੱਜ ਸੰਘਣੀ ਬੱਦਲਵਾਈ ਹੇਠ ਲਗਾਤਾਰ ਕਿਣਮਿਣ ਅਤੇ ਅੱਧੀ ਰਾਤ ਮਗਰੋਂ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਪੰਜਾਬ ਵਿੱਚ ਮੀਂਹ ਕਾਰਨ ਘੱਟੋ-ਘੱਟ ਤਾਪਤਾਨ 16 ਤੋਂ 20 ਡਿਗਰੀ ਤੇ ਵੱਧ ਤੋਂ ਵੱਧ ਤਾਪਤਮਾਨ 22 ਤੋਂ 25 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦਾ ਅਨੁਮਾਨ ਹੈ, ਜਿਸ ਕਾਰਨ ਠੰਢ ਵਧਣ ਦੇ ਆਸਾਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਵਿੱਚ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ’ਚ ਲਗਾਤਾਰ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਖਾੜੀ ਤੋਂ ਉੱਠੀਆਂ ਨਮੀ ਵਾਲੀਆਂ ਪੂਰਬੀ ਹਵਾਵਾਂ ਪੰਜਾਬ ਵੱਲ ਰੁਖ ਕਰ ਚੁੱਕੀਆਂ ਹਨ, ਜਿਸ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਭਾਵੇਂ ਪਹਿਲਾਂ ਹੀ ਮੌਸਮ ਵਿਗੜਨ ਸਬੰਧੀ ਜਾਣਕਾਰੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ ਪਰ ਮੰਡੀਆਂ ਵਿੱਚ ਝੋਨਾ ਅਤੇ ਨਰਮਾ ਲੈ ਕੇ ਆਏ ਕਿਸਾਨਾਂ ਕੋਲ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਦੇ ਕੋਈ ਖਾਸ ਪ੍ਰਬੰਧ ਨਹੀਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਹੁਣ ਤੇਜ਼ ਧੁੱਪ ਵਾਲੇ ਮੌਸਮ ਦੀ ਲੋੜ ਸੀ ਪਰ ਹੁਣ ਵਿਗੜੇ ਮੌਸਮ ਨੇ ਕਿਸਾਨਾਂ ਸਮੇਤ ਸਭ ਨੂੰ ਡਰਾ ਦਿੱਤਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਆੜ੍ਹਤੀਆਂ ਦੇ ਨਾਲ ਨਾਲ ਖ਼ਰੀਦ ਕੇਂਦਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕਰਨ।