ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਅੰਮ੍ਰਿਤਸਰ/ਜਲੰਧਰ, 31 ਮਾਰਚ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਹੇਠਲੇ ਸਦਨ ਵਿਚ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਦੇ ਮੈਂਬਰਾਂ ਨੇ 14 ਅਪਰੈਲ ਖਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਵਜੋਂ ਮਾਨਤਾ ਦੇਣ ਲਈ ਬਿੱਲ ਪੇਸ਼ ਕੀਤਾ ਹੈ ਜਿਸ ਨੂੰ ਪ੍ਰਵਾਨਗੀ ਮਿਲਣੀ ਲਗਪਗ ਤੈਅ ਦੱਸੀ ਗਈ ਹੈ। ਅਮਰੀਕਾ ਦੇ ਸਦਨ ਵਿਚ ਪੇਸ਼ ਕੀਤੇ ਗਏ ਇਸ ਬਿੱਲ ਲਈ ਜਿਥੇ ਅਮਰੀਕਾ ਦੇ ਸਿੱਖਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਉਥੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖ ਕੌਮ ਲਈ ਫਖ਼ਰ ਵਾਲੀ ਗੱਲ ਆਖਿਆ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਲਗਪਗ ਇਕ ਸਦੀ ਪਹਿਲਾਂ ਪੰਜਾਬ ਵਿਚੋਂ ਸਿੱਖ ਭਾਈਚਾਰੇ ਨੇ ਅਮਰੀਕਾ ਵਿਚ ਪਰਵਾਸ ਕੀਤਾ ਸੀ। ਸਿੱਖਾਂ ਨੇ ਅਮਰੀਕਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਸਿੱਖ ਧਰਮ ਦੁਨੀਆ ਵਿਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਪਗ ਤਿੰਨ ਕਰੋੜ ਹੈ ਅਤੇ ਇਸ ਵਿਚੋਂ ਲਗਪਗ ਦਸ ਲੱਖ ਲੋਕ ਅਮਰੀਕਾ ਵਿਚ ਰਹਿੰਦੇ ਹਨ ਤੇ ਉਹ ਸੰਯੁਕਤ ਰਾਜ ਅਮਰੀਕਾ ਨੂੰ ਆਪਣਾ ਘਰ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਦਨ ਵਿਚ ਇਹ ਬਿੱਲ ਮੁੱਖ ਤੌਰ ’ਤੇ ਕਾਂਗਰਸ ਮਹਿਲਾ ਆਗੂ ਮੈਰੀ ਸਕੇਲਨ ਨੇ ਪੇਸ਼ ਕੀਤਾ ਹੈ ਜਦੋਂਕਿ ਕਾਕਸ ਕਮੇਟੀ ਦੇ ਕੋ-ਚੇਅਰਮੈਨ ਜੌਹਨ ਗਾਰਾਮੈਂਡੀ ਅਤੇ ਡੇਵਿਡ ਬਲਦਾਓ ਨੇ ਇਸ ਦੀ ਹਮਾਇਤ ਕੀਤੀ ਹੈ, ਇਸ ਦੀ ਹਮਾਇਤ ਕਰਨ ਵਾਲਿਆਂ ਵਿਚ ਇਕ ਹਿੰਦੂ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵੀ ਸ਼ਾਮਲ ਹੈ। ਉਨ੍ਹਾਂ ਦਸਿਆ ਕਿ ਸਦਨ ਦਾ ਅਗਲਾ ਸੈਸ਼ਨ ਪਹਿਲੀ ਅਪਰੈਲ ਤੋਂ ਸੱਤ ਅਪਰੈਲ ਤਕ ਹੋਵੇਗਾ, ਜਿਸ ਵਿਚ ਇਸ ਬਿੱਲ ਨੂੰ ਪ੍ਰਵਾਨਗੀ ਮਿਲਣ ਦੀ ਵੱਡੀ ਉਮੀਦ ਹੈ।