ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 11 ਜੂਨ
ਇਥੇ ਬੀਤੀ ਰਾਤ ਤੇਜ਼ ਝੱਖੜ ਅਤੇ ਮੀਂਹ ਕਾਰਨ ਮੰਡੀ ਗੋਬਿੰਦਗੜ੍ਹ ਵਿਚ ਇਕ ਮਿੱਲ ਦੀ ਦੀਵਾਰ ਡਿੱਗ ਗਈ ਜਿਸ ਕਾਰਨ ਸਬਜ਼ੀ ਵਿਕਰੇਤਾ ਦੀ ਮੌਤ ਹੋ ਗਈ ਜਦੋਂਕਿ ਦੂਸਰੇ ਦੀ ਹਾਲਤ ਗੰਭੀਰ ਹੈ। ਸੂਚਨਾ ਅਨੁਸਾਰ ਸੁਨੀਲ ਕੁਮਾਰ ਦਾ ਭਾਣਜਾ ਪ੍ਰਸ਼ਾਂਤ ਅਤੇ ਰੱਤੀ ਰਾਮ ਸਬਜ਼ੀ ਵੇਚ ਕੇ ਘਰ ਜਾ ਰਹੇ ਸੀ ਤਾਂ ਮਾਡਲ ਟਾਊਨ ਵਿਚ ਸਥਿਤ ਇਕ ਮਿਲ ਦੀ ਵੱਡੀ ਕੰਧ ਇਨ੍ਹਾਂ ਉਪਰ ਡਿੱਗ ਗਈ ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਜਿਥੇ ਇਕ ਦੀ ਮੌਤ ਹੋ ਗਈ ਜਦੋਂਕਿ ਦੂਸਰੇ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਹਨੇਰੀ ਕਾਰਨ ਅਜਨਾਲੀ ਸ਼ਮਸ਼ਾਨ ਘਾਟ ਦਾ ਸ਼ੈਡ ਵੀ ਟੁੱਟ ਗਿਆ, ਜਦੋਂਕਿ ਲਾਡਪੁਰ ਤੂਰਾਂ ਵਿਚ 66 ਕੇ.ਵੀ. ਖੰਭਾ ਟੇਢਾ ਹੋਣ ਕਾਰਨ ਤਾਰਾਂ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਤੱਕ ਆ ਪਹੁੰਚੀਆਂ। ਤੇਜ਼ ਹਨੇਰੀ ਕਾਰਨ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਸ਼ਹਿਰ ਦੀ ਬਿਜਲੀ ਠੱਪ ਰਹੀ ਅਤੇ ਅਮਲੋਹ ਵਿਚ ਰਾਤ 8 ਵਜੇ ਤੋਂ ਬੰਦ ਬਿਜਲੀ ਸਵੇਰੇ 7 ਵਜੇ ਆਈ। ਇਸੇ ਤਰ੍ਹਾਂ ਬਲਾਕ ਸਰਹਿੰਦ ਦੇ ਪਿੰਡ ਅਤਾਪੁਰ ਵਿਚ ਸ਼ੈਡ ਡਿੱਗਣ ਕਾਰਨ 3 ਗਊਆਂ ਦੀ ਮੌਤ ਹੋ ਗਈ ਜਦੋਕਿ ਇਕ ਵੱਛੀ ਅਤੇ ਇਕ ਕੱਟੀ ਦੀਆਂ ਲੱਤਾਂ ਟੁੱਟ ਗਈਆਂ।
ਦਰਜਨਾਂ ਪਿੰਡਾਂ ਦੀ ਬਿਜਲੀ ਠੱਪ
ਲਾਲੜੂ (ਸਰਬਜੀਤ ਸਿੰਘ ਭੱਟੀ): ਬੀਤੀ ਰਾਤ ਆਏ ਝੱਖੜ ਨੇ ਬਿਜਲੀ ਵਿਭਾਗ ਦੀ ਨਿਰਵਿਘਨ ਬਿਜਲੀ ਸਪਲਾਈ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਰਾਤ ਵੇਲੇ ਬਿਜਲੀ ਸਪਲਾਈ ਗੁਲ ਹੋ ਗਈ ਅਤੇ ਲੋਕ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਰਹੇ। ਕਈ ਪਿੰਡਾਂ ਵਿੱਚ ਅੱਜ ਸ਼ਾਮ ਤੱਕ ਵੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਈ ਭਾਗੋ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਜੰਡਲੀ ਨੇ ਕਿਹਾ ਕਿ ਥੋੜ੍ਹੀ ਜਿਹੀ ਹਵਾ ਚੱਲਣ ਤੇ ਬਰਸਾਤ ਹੋਣ ’ਤੇ ਅਕਸਰ ਪਿੰਡਾਂ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ, ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਕੋਈ ਸੁਣਵਾਈ ਨਹੀਂ ਕਰਦਾ। ਉਪ ਮੰਡਲ ਅਫਸਰ ਪਰਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਸਪਲਾਈ ਬਹਾਲ ਕਰਨ, ਟੁੱਟੇ ਖੰਭਿਆਂ ਤੇ ਤਾਰਾਂ ਦੀ ਮੁਰੰਮਤ ਕਰਨ ਵਿੱਚ ਲੱਗੇ ਹੋਏ ਹਨ।