ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਇਸ ਵਾਰ ਪੰਜਾਬ ਦੇ ਪਾਣੀਆਂ ਦੀ ਗੂੰਜ ਪਵੇਗੀ। ਇਸ ਵਿਚ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਵੱਧ ਰਹੇ ਪਾਣੀ ਦੇ ਸੰਕਟ ’ਤੇ ਚਰਚਾ ਹੋਵੇਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੀਵਾਲੀ ਕਾਰਨ ਇਸ ਵਾਰ 7, 8, ਅਤੇ 9 ਨਵੰਬਰ ਨੂੰ ਹੋ ਰਹੇ ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ’ਚ ਮੁਲਕ ਦੇ ਨਾਮਵਰ ਵਿਦਵਾਨ ਪੁੱਜ ਰਹੇ ਹਨ। ਇਹ ਵਿਦਵਾਨ ਵੱਖ-ਵੱਖ ਸੈਸ਼ਨਾਂ ਮੌਕੇ ਹਾਜ਼ਰੀ ਭਰਨਗੇ ਅਤੇ ਮੇਲੇ ਵਿੱਚ ਆਏ ਲੋਕਾਂ ਦੇ ਰੂ-ਬ-ਰੂ ਹੋਣਗੇ। ਮੇਲੇ ਦੇ ਆਖ਼ਰੀ ਦਿਨ 9 ਨਵੰਬਰ ਨੂੰ ਉੱਘੀ ਲੇਖਿਕਾ ਅਰੁੰਧਤੀ ਰਾਏ ਸੰਬੋਧਨ ਕਰਨਗੇ। ਇਸ ਦੌਰਾਨ ‘ਨਿਊਜ਼ ਕਲਿੱਕ’ ਦੇ ਸੰਸਥਾਪਕ ਪ੍ਰਬੀਰ, ਐਡਵੋਕੇਟ ਰਾਜਿੰਦਰ ਸਿੰਘ ਚੀਮਾ ਤੇ ਡਾ. ਅਪੂਰਵਾਨੰਦ ਸੰਬੋਧਨ ਕਰਨਗੇ। 8 ਨਵੰਬਰ ਸ਼ਾਮ ਫ਼ਿਲਮ ਸ਼ੋਅ ਮੌਕੇ ਲੋਕ ਪੱਖੀ ਫ਼ਿਲਮ ਜਗਤ ਦੀਆਂ ਦੋ ਉੱਘੀਆਂ ਸ਼ਖ਼ਸੀਅਤਾਂ ਸੰਜੇ ਕਾਕ ਅਤੇ ਆਨੰਦ ਪਟਵਰਧਨ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। 9 ਨਵੰਬਰ ਨੂੰ ਖੇਤੀ ਅਤੇ ਪਾਣੀ ਸੰਕਟ ਵਿਸ਼ੇ ਉਪਰ ਕਮੇਟੀ ਦੇ ਬੁਲਾਰੇ ਡਾ. ਪਰਮਿੰਦਰ, ਕੁਲਵੰਤ ਸੰਧੂ, ਜਗਰੂਪ, ਸੁਖਵਿੰਦਰ ਸੇਖੋਂ, ਰਾਮਿੰਦਰ ਪਟਿਆਲਾ ਅਤੇ ਵਿਜੈ ਬੰਬੇਲੀ ਵਿਚਾਰ-ਚਰਚਾ ਸੈਸ਼ਨ ਦੇ ਬੁਲਾਰੇ ਹੋਣਗੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੀਆਂ ਸਮੂਹ ਲੋਕ-ਪੱਖੀ ਸੰਸਥਾਵਾਂ, ਸ਼ਖ਼ਸੀਅਤਾਂ ਅਤੇ ਪਰਿਵਾਰਾਂ ਨੂੰ ਮੇਲੇ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ ਹੈ ਤਾਂ ਕਿ ਵਿਦਵਾਨਾਂ ਦੇ ਅਮੁੱਲੇ ਵਿਚਾਰਾਂ ਅਤੇ ਮੇਲੇ ਦੀਆਂ ਬਹੁ-ਵੰਨਗੀ ਕਲਾ-ਕ੍ਰਿਤਾਂ ਬਾਰੇ ਜਾਣਿਆ ਜਾ ਸਕੇ।