ਚਰਨਜੀਤ ਭੁੱਲਰ
ਚੰਡੀਗੜ੍ਹ, 31 ਅਕਤੂਬਰ
ਮਾਤ ਭਾਸ਼ਾ ਪੰਜਾਬੀ ਨੂੰ ਦਫ਼ਤਰੀ ਬੋਲੀ ਦਾ ਮਾਣ ਦਿਵਾਉਣ ਵਾਲਾ ਮੋਗਾ ਜ਼ਿਲ੍ਹੇ ਦੇ ਪਿੰਡ ਚੂਹੜਚੱਕ ਦਾ ‘ਨਾਇਕ’ ਅੱਜ ਸਿਆਸੀ ਧੂੜ ’ਚ ਗੁਆਚਾ ਹੈ| ਜਦੋਂ ਪੰਜਾਬ ਦਿਵਸ ਆਉਂਦਾ ਹੈ ਤਾਂ ਪਿੰਡ ਚੂਹੜਚੱਕ ਨੂੰ ਫ਼ਖ਼ਰ ਹੁੰਦਾ ਹੈ ਪਰ ਪਿੰਡ ਉਦੋਂ ਉਦਾਸ ਹੋ ਜਾਂਦਾ ਹੈ ਜਦੋਂ ਸਰਕਾਰਾਂ ਹੱਥੋਂ ਮਾਂ ਬੋਲੀ ਦੀ ਬੇਕਦਰੀ ਵੇਖਦਾ ਹੈ| 53 ਵਰ੍ਹੇ ਪਹਿਲਾਂ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਲਈ ‘ਰਾਜ ਭਾਸ਼ਾ ਐਕਟ-1967’ ਬਣਾਇਆ ਸੀ| ਉਪਰੰਤ ਅੱਜ ਤੱਕ ਸਰਕਾਰਾਂ ਨੇ ਕੋਈ ਅਗਲਾ ਕਦਮ ਨਹੀਂ ਚੁੱਕਿਆ|
ਮਰਹੂਮ ਲਛਮਣ ਗਿੱਲ ਦੇ ਉਪਰਾਲੇ ਦਾ ਮੁੱਲ ਕਿਸੇ ਵੀ ਸਰਕਾਰ ਨੇ ਨਹੀਂ ਪਾਇਆ| ਇਸ ਨਾਇਕ ਨੂੰ ਕਦੇ ‘ਪੰਜਾਬ ਦਿਵਸ’ ਮੌਕੇ ਵੀ ਯਾਦ ਨਹੀਂ ਕੀਤਾ ਗਿਆ| ਚੂਹੜਚੱਕ ਦੀ ਕਰੀਬ 8500 ਦੀ ਆਬਾਦੀ ਹੈ| ਪਿੰਡ ਦੀ ਸਰਪੰਚ ਚਰਨਜੀਤ ਕੌਰ ਆਖਦੀ ਹੈ ਕਿ ਪੰਜਾਬ ਦਿਵਸ ਮੌਕੇ ਸਰਕਾਰ ਨੇ ਕਦੇ ਪਿੰਡ ਵਿੱਚ ਸਮਾਗਮ ਨਹੀਂ ਕਰਵਾਇਆ ਅਤੇ ਨਾ ਹੀ ਮਰਹੂਮ ਗਿੱਲ ਦੇ ਯੋਗਦਾਨ ਬਦਲੇ ਕੋਈ ਸਨਮਾਨ ਦਿੱਤਾ| ਪਿੰਡ ਦੇ ਸਰਕਾਰੀ ਸਕੂਲ ਦੇ ਪੰਜਾਬੀ ਲੈਕਚਰਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦਿਵਸ ਦੇ ਮੌਕੇ ਆਪਣੇ ਪੱਧਰ ’ਤੇ ਹੀ ਸਕੂਲ ’ਚ ਸਮਾਗਮ ਕਰ ਲੈਂਦੇ ਹਨ| ਪਿੰਡ ’ਚ ‘ਲਛਮਣ ਸਿੰਘ ਗਿੱਲ ਯਾਦਗਾਰੀ ਟਰੱਸਟ’ ਵੀ ਬਣਿਆ ਹੋਇਆ ਹੈ ਅਤੇ ਕੁਝ ਵਰ੍ਹੇ ਪਹਿਲਾਂ ਹੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਰਹੂਮ ਗਿੱਲ ਦਾ ਪਿੰਡ ਦੀ ਸਾਂਝੀ ਥਾਂ ‘ਚ ਬੁੱਤ ਲਾਇਆ ਗਿਆ ਹੈ| ਸਾਬਕਾ ਸਰਪੰਚ ਨਛੱਤਰ ਸਿੰਘ ਆਖਦੇ ਹਨ ਕਿ ਕਿਸੇ ਸਰਕਾਰ ਨੇ ਪਿੰਡ ਦੀ ਬਾਂਹ ਨਹੀਂ ਫੜੀ| ਪਿੰਡ ਦੇ ਕੁਝ ਲੋਕਾਂ ਨੇ ਸਰਕਾਰ ਤਰਫ਼ੋਂ ਪਿੰਡ ਵਿੱਚ ਲੜਕੀਆਂ ਦੀ ਬਣੀ ਆਈਟੀਆਈ ਦਾ ਜ਼ਿਕਰ ਕੀਤਾ|
ਚੂਹੜਚੱਕ ਗ਼ਦਰੀ ਬਾਬਿਆਂ ਦਾ ਪਿੰਡ ਹੋਣ ਦਾ ਮਾਣ ਰੱਖਦਾ ਹੈ ਅਤੇ ਪਿੰਡ ਦੇ ਕਾਫ਼ੀ ਲੋਕ ਵਿਦੇਸ਼ਾਂ ਵਿਚ ਹਨ| ਖੇਡਾਂ ਵਿੱਚ ਵੀ ਪਿੰਡ ਦਾ ਨਾਮ ਹੈ| ਸਾਬਕਾ ਚੇਅਰਮੈਨ ਰਣਧੀਰ ਸਿੰਘ ਦਾ ਕਹਿਣਾ ਸੀ ਕਿ ਲਛਮਣ ਸਿੰਘ ਗਿੱਲ ਨੇ ਜਿੱਥੇ ‘ਰਾਜ ਭਾਸ਼ਾ ਐਕਟ’ ਬਣਾਇਆ, ਉੱਥੇ ਗਿੱਲ ਨੂੰ ਲਿੰਕ ਸੜਕਾਂ ਦੇ ਜਨਮਦਾਤੇ ਵਜੋਂ ਵੀ ਜਾਣਿਆ ਜਾਂਦਾ ਹੈ|
ਲੋਕਾਂ ਦੀ ਮੰਗ ਹੈ ਕਿ ਸਰਕਾਰਾਂ ਘੱਟੋ ਘੱਟ ਪੰਜਾਬ ਦਿਵਸ ਦੇ ਮੌਕੇ ‘ਤੇ ਪਿੰਡ ‘ਚ ਗੇੜਾ ਮਾਰ ਲੈਣ ਅਤੇ ਲਛਮਣ ਸਿੰਘ ਗਿੱਲ ਦੀ ਤਸਵੀਰ ਭਾਸ਼ਾ ਵਿਭਾਗ ਦੇ ਵਿਹੜੇ ਵਿਚ ਲਾਈ ਜਾਣੀ ਚਾਹੀਦੀ ਹੈ| ਬਜ਼ੁਰਗਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਨੇ ਤਾਂ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਪਹਿਲੀ ਜਮਾਤ ਤੋਂ ਲਾਗੂ ਕਰਨ ਦਾ ਆਗਾਜ਼ ਹੀ ਉਨ੍ਹਾਂ ਦੇ ਪਿੰਡ ਤੋਂ ਕੀਤਾ ਸੀ ਅਤੇ ਇਹ ਕਦਮ ਪੰਜਾਬੀ ਪ੍ਰੇਮੀ ਗਿੱਲ ਦੀ ਰੂਹ ਨੂੰ ਚਿੜਾਉਣ ਵਾਲਾ ਸੀ|
ਸਮਾਂ ਥੋੜ੍ਹਾ, ਕੰਮ ਵੱਡੇ…
ਲਛਮਣ ਸਿੰਘ ਗਿੱਲ 25 ਨਵੰਬਰ 1967 ਤੋਂ 22 ਅਗਸਤ 1968 ਤੱਕ ਮੁੱਖ ਮੰਤਰੀ ਰਹੇ| 9 ਮਹੀਨੇ ਦੇ ਛੋਟੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਨੇ 19 ਦਸੰਬਰ 1967 ‘ਰਾਜ ਭਾਸ਼ਾ ਬਿੱਲ’ ਪਾਸ ਕਰਾਇਆ| 13 ਅਪਰੈਲ 1968 ਤੋਂ ਮਾਂ ਬੋਲੀ ਨੂੰ ਦਫ਼ਤਰੀ ਭਾਸ਼ਾ ਬਣਾਇਆ। ਲਿੰਕ ਸੜਕਾਂ ਦਾ ਜਾਲ ਵਿਛਾਉਣ, ਬਿਜਲੀ ਦੇ ਫਲੈਟ ਰੇਟ, ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਨੂੰ 95 ਫ਼ੀਸਦੀ ਗਰਾਂਟ ਅਤੇ ਪੇਂਡੂ ਵਿਕਾਸ ਨੂੰ ਵੀ ਨਵਾਂ ਰਾਹ ਲਛਮਣ ਸਿੰਘ ਗਿੱਲ ਨੇ ਦਿਖਾਇਆ।
ਚੂਹੜਚੱਕ ’ਚ ਸਮਾਗਮ ਕਰਾਂਗੇ: ਕ੍ਰਿਸ਼ਨ ਕੁਮਾਰ
ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਨਵੰਬਰ ਮਹੀਨੇ ਨੂੰ ਪੰਜਾਬੀ ਮਾਂਹ ਵਜੋਂ ਮਨਾਇਆ ਜਾ ਰਿਹਾ ਹੈ। ਪੰਜਾਬੀ ਪ੍ਰਤੀ ਯੋਗਦਾਨ ਪਾਉਣ ਵਾਲੇ ਹਰ ਨਾਇਕ ਨੂੰ ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡ ਚੂਹੜਚੱਕ ’ਚ ਵੀ ਇਸ ਮਹੀਨੇ ਦੌਰਾਨ ਜ਼ਰੂਰ ਇੱਕ ਸਮਾਗਮ ਕੀਤਾ ਜਾਵੇਗਾ।