ਆਤਿਸ਼ ਗੁਪਤਾ
ਚੰਡੀਗੜ੍ਹ, 4 ਜਨਵਰੀ
ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰ ਤੋਂ ਬਦਲਵਾਈ ਨਾਲ ਕਿਣਮਿਣ ਹੋਈ। ਇਸ ਕਾਰਨ ਲੋਕਾਂ ਨੂੰ ਖੁਸ਼ਕ ਠੰਢ ਕਰਕੇ ਬਿਮਾਰੀਆਂ ਤੋਂ ਵੀ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।
ਸ਼ਿਮਲਾ, ਕੁਫ਼ਰੀ ਤੇ ਨਾਰਕੰਡਾ ’ਚ ਬਰਫਬਾਰੀ
ਸ਼ਿਮਲਾ(ਗਿਆਨ ਠਾਕੁਰ):ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਬਰਫਬਾਰੀ ਜਾਰੀ ਹੈ, ਜਦਕਿ ਸੂਬੇ ਦੇ ਹੇਠਲੇ ਇਲਾਕਿਆਂ ‘ਚ ਅੱਜ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਅੱਜ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਸੂਬੇ ਦੀ ਰਾਜਧਾਨੀ ਅਤੇ ਸੈਰ-ਸਪਾਟਾ ਸ਼ਹਿਰ ਸ਼ਿਮਲਾ ‘ਚ ਸਵੇਰ ਤੋਂ ਹੀ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਸ਼ਹਿਰ ਦੇ ਜਾਖੂ ਅਤੇ ਢੀਂਗੂ ਮੰਦਿਰ ਖੇਤਰਾਂ ਵਿੱਚ ਅੱਜ ਸਵੇਰੇ ਕੁਝ ਸਮੇਂ ਲਈ ਬਰਫ਼ਬਾਰੀ ਹੋਈ। ਸ਼ਿਮਲਾ ਦੇ ਨਾਲ ਲੱਗਦੇ ਮਸ਼ਹੂਰ ਸੈਰ-ਸਪਾਟਾ ਸਥਾਨ ਕੁਫਰੀ, ਫਾਗੂ ਅਤੇ ਨਾਰਕੰਡਾ ‘ਚ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਹਲਕੀ ਬਰਫਬਾਰੀ ਹੋ ਰਹੀ ਹੈ।