ਖੇਤਰੀ ਪ੍ਰਤੀਨਿਧ
ਪਟਿਆਲਾ, 14 ਸਤੰਬਰ
ਜੇਲ੍ਹ ਵਿਭਾਗ ਵੱਲੋਂ ਚੰਗੇ ਆਚਰਨ ਵਾਲੇ ਹਵਾਲਾਤੀਆਂ ਲਈ 15 ਸਤੰਬਰ ਤੋਂ ਪੰਜਾਬ ਭਰ ਦੀਆਂ ਜੇਲ੍ਹਾਂ ’ਚ ਪਰਿਵਾਰਕ ਮਿਲਣੀ ਦੇ ਬੈਨਰ ਹੇਠ ਇੱਕ ਨਵੀਂ ਯੋਜਨਾ ਲਿਆਂਦੀ ਜਾ ਰਹੀ ਹੈ, ਜਿਸ ਤਹਿਤ ਅਜਿਹੇ ਹਵਾਲਾਤੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਹਮੋ-ਸਾਹਮਣੇ ਬੈਠ ਕੇ ਮੁਲਾਕਾਤ ਕਰ ਸਕਣਗੇ। ਪਹਿਲਾਂ ਇਹ ਮੁਲਾਕਾਤਾਂ ਜਾਲੀ ਵਿੱਚੋਂ ਹੀ ਕਰਵਾਈਆਂ ਜਾਂਦੀਆਂ ਹਨ, ਪਰ ਹੁਣ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਆਦੇਸ਼ਾਂ ’ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਇੱਕ ਕਮਰੇ ’ਚ ਬਿਠਾ ਕੇ ਮਿਲਾਇਆ ਜਾਵੇਗਾ ਤੇ ਹਵਾਲਾਤੀ ਇੱਕ ਵਾਰ ਵਿੱਚ ਪੰਜ-ਛੇ ਮੈਂਬਰਾਂ ਨੂੰ ਮਿਲ ਸਕਣਗੇ। ਸੂਤਰਾਂ ਮੁਤਾਬਕ ਇਹ ਪ੍ਰੋਗਰਾਮ ਸਿਰਫ਼ ਉਨ੍ਹਾਂ ਹਵਾਲਾਤੀਆਂ ਲਈ ਹੈ, ਜਿਨ੍ਹਾਂ ਦਾ ਆਚਰਨ ਚੰਗਾ ਹੋਵੇਗਾ।