ਚਰਨਜੀਤ ਭੁੱਲਰ
ਚੰਡੀਗੜ੍ਹ, 5 ਦਸੰਬਰ
ਕਿਸਾਨ-ਏ-ਜੰਗ ਦਾ ਮੈਦਾਨ। ਆਥਣ ਵੇਲਾ ਹੈ, ਵੱਟ ਪਿਸ਼ੌਰਾ ਸਿਓਂ ਨੂੰ ਚੜ੍ਹਿਐ। ਦਿੱਲੀ ਦੀ ਵੱਟ ’ਤੇ ਬੈਠੈ, ਕੋਲ ਰੇਡੀਓ ਰੱਖਿਐ। ਕਿਵੇਂ ਖਿਆਲਾਂ ’ਚ ਗੁਆਚਿਐ। ਖਰੂਦ ਸੋਚਾਂ ਨੇ ਪਾਇਐ, ਦੰਦ ਚਿਥਦੈ ਤੇ ਨਾਲੇ ਕਚੀਚੀ ਵੱਟਦੈ। ਕਦੇ ਏਨਾ ਗੰਭੀਰ ਤੇ ਸ਼ਾਂਤ ਹੋ ਜਾਂਦੈ, ਜਿਵੇਂ ਗੌਤਮ ਬੁੱਧ ਨੂੰ ਧਿਆ ਰਿਹਾ ਹੋਵੇ। ’ਕੱਲਾ ਹੀ ਗੱਲਾਂ ਕਰ ਰਿਹੈ, ‘ਅਸੀਂ ਤਾਂ ਗੂੰਗੇ ਬੋਲਣ ਲਾ ਤੇ।’ ਫਾਜ਼ਿਲਕਾ ਬੰਨ੍ਹਿਓਂ ਆਇਐ, ਸਰਹੱਦੀ ਕਿਸਾਨ ਲੱਗਦੈ। ‘ਪੱਗ ਵੇਚ ਕੇ ਘਿਉ ਨਹੀਂ ਖਾਈਦਾ।’
ਪਿਸ਼ੌਰਾ ਸਿੰਘ ਖਿਆਲਾਂ ਨਾਲ ਘੁਲ ਰਿਹੈ, ‘ਚਾਚਾ, ਤੂੰ ਵੇਂਹਦਾ ਜਾਹ, ਪੱਗ ਨੀਂ ਰੁਲਣ ਦਿੰਦਾ।’ ਜ਼ਰੂਰ ਚਾਚਾ ਅਜੀਤ ਸਿੰਘ ਚੇਤੇ ਆਏ ਹੋਣਗੇ। ਐਵੇ ਤਾਂ ਪੱਗ ’ਤੇ ਹੱਥ ਨਹੀਂ ਜਾਣਾ ਸੀ। ਕਿਤੋਂ ਭਾਂਡਿਆਂ ਦਾ ਖੜਾਕ। ਦੂਜੇ ਬੰਨ੍ਹਿਓਂ ਭਾਸ਼ਨਾਂ ਦੀ ਗੂੰਜ। ਕਿਸੇ ਨੇ ਝੋਲੀ ’ਚ ਸੁੱਕੇ ਮੇਵੇ ਰੱਖੇ, ਕੋਈ ਪਿੰਨੀਆਂ ਰੱਖ ਗਿਆ। ਦਾਦੀ ਦੇ ਬੋਲ ਮਿਠਾਸ ਘੋਲ ਗਏ, ‘ਪੁੱਤ ਪਿਸ਼ੌਰੂ, ਜਦੋਂ ਜੰਗ ਲੱਗੀ, ਦੇਸ਼ ’ਤੇ ਭੀੜ ਬਣੀ, ਬੁੜ੍ਹੀਆਂ ਨੇ ਸੋਨੇ ਦੇ ਕਾਂਟੇ, ਗਹਿਣੇ, ਛਾਪਾਂ ਛੱਲੇ ਸਰਕਾਰੀ ਝੋਲੀ ’ਚ ਪਾਤੇ। ਔਖ ਦੇ ਵੇਲੇ ਸਭ ਥੰਮ੍ਹ ਬਣ ਖੜ੍ਹੇ। ਕੋਲ ਖੜ੍ਹਾ ਦਾਦਾ ਬੋਲਿਆ, ‘ਕਾਕਾ! ਤੈਨੂੰ ਕੀ ਪਤੈ, ਬੰਜਰਾਂ ’ਚੋਂ ਕਿਵੇਂ ਅੰਨ ਉਗਾਇਐ। ਕੋਰਿਆਈ ਬਜ਼ੁਰਗ ਵੀ ਹੁੰਗਾਰਾ ਭਰ ਗਏ, ‘ਧੁਨ ਦਾ ਪੱਕਾ ਸਵਰਗ ਨੂੰ ਵੀ ਹਿਲਾ ਸਕਦੈ।’ ਨੌਂ ਦਿਨ ਬੀਤ ਚੱਲੇ ਨੇ, ਪਿਸ਼ੌਰਾ ਸਿਓਂ ਇੰਝ ’ਕੱਲਾ ਬੈਠਦੈ, ਪਤਾ ਨਹੀਂ ਚੱਲਦਾ ਕਿਹੜੇ ਯੁੱਗ ‘ਚ ਗੁਆਚ ਜਾਂਦੈ। ਕਦੇ ਚੇਤਿਆਂ ’ਚ ਵਿਸਾਖੀ ਦੇ ਢੋਲ ਖੌਰੂ ਪਾਉਂਦੇ ਨੇ। ਬਾਪੂ ਦੀ ਸ਼ਮਲੇ ਵਾਲੀ ਪੱਗ, ਪੱਗ ਦਾ ਮਾਵਾ, ਕਿਵੇਂ ਭੁੱਲ ਸਕਦੈ। ਰੇਡੀਓ ਕਾਹਦਾ ਆਨ ਹੋਇਐ, ਨਵੀਂ ਖਿਆਲ ਲੜੀ ਹੀ ਜੁੜ ਗਈ। ‘ਏਹ ਆਕਾਸ਼ਵਾਣੀ ਜਲੰਧਰ ਏ, ਥੋੜ੍ਹੀ ਦੇਰ ਬਾਅਦ ਸੁਣੋਗੇ…ਅੱਜ ਦਾ ‘ਦਿਹਾਤੀ ਪ੍ਰੋਗਰਾਮ’। ‘ਆਜੋ ਆਜੋ ਲੰਘ ਆਓ ਭਾਈਆ ਜੀ।’ ਠੰਢੂ ਰਾਮ ਦੀਆਂ ਗੱਲਾਂ ਬਾਤਾਂ, ਗੌਣ ਵਜਾਉਣ, ਨਵੀਂ ਤਰੰਗ ਛੇੜਦਾ। ‘ਭਾਈਆ ਜੀ! ਸੁਣਾਓ ਫੇਰ ਮੰਡੀਆਂ ਦੇ ਭਾਅ। ਅਬੋਹਰ ਦੀ ਮੰਡੀ, ਕੋਟਕਪੂਰਾ ਮੰਡੀ, ਤਪਾ ਮੰਡੀ ਤੇ ਰਾਮਪੁਰਾ ਮੰਡੀ ਨਰਮਾ ਵਿਕਿਐ ਜੀ, ਏਨੇ ਰੁਪਏ ਕੁਇੰਟਲ।’ ਪਿਸ਼ੌਰੇ ਦੀਆਂ ਅੱਖਾਂ ਅੱਗੇ ‘ਪਿਓ ਵੇਲਾ’ ਘੁੰਮਿਐ। ‘ਰਾਮਪੁਰੇ ਦੀ ਕਪਾਹ ਮੰਡੀ, ਲਛਮਣ ਆੜ੍ਹਤੀਏ ਦੀ ਹੱਟੀ, ਅੱਗੇ ਲੱਗੇ ਨਰਮੇ ਦੇ ਵੱਡੇ-ਵੱਡੇ ਢੇਰ।’ ਪੰਡਾਲ ਵਾਲੇ ’ਚ ਢੋਲ ਕਾਹਦੇ ਵੱਜੇ, ਪਿਸ਼ੌਰੇ ਦੇ ਖਿਆਲਾਂ ਦੀ ਤੰਦ ਟੁੱਟ ਗਈ। ਕਿਥੋਂ ਲੱਭੀਏ ਹੁਣ ਠੰਢੂ ਰਾਮ, ਨਾਲੇ ਉਹ ਭਾਅ। ਵਾਹਿਗੁਰੂ ਬੋਲ ਜਦੋਂ ਰੇਡੀਓ ਦਾ ਕੰਨ ਮਰੋੜਿਆ, ਅੱਗਿਓ ‘ਮਨ ਕੀ ਬਾਤ’ ਪੈ ਨਿਕਲੀ। ਜਮਾਇਕੀ ਅਖਾਣ ਐ, ‘ਖਾਲੀ ਪੇਟ ਤੇ ਭਰਿਆ ਪੇਟ ਇੱਕੋ ਰਾਹ ’ਤੇ ਨਹੀਂ ਤੁਰ ਸਕਦੇ।’ ਵਾਹਵਾ ’ਕੱਠ ਜੁੜਿਐ, ਐਨ ਵਿਚਾਲੇ ਪਿਸ਼ੌਰਾ ਸਿੰਘ ਖੜ੍ਹੈ। ਸਭ ਹੱਕੇ ਬੱਕੇ, ਰੇਡੀਓ ਦਾ ਕਾਹਦਾ ਕਸੂਰ, ਕਾਹਤੋਂ ਭੰਨਤਾ। ਕਦੇ ਭੁੱਚੋ ਨਹੀਂ ਟੱਪਿਆ ਸੀ, ਹੁਣ ਦਿੱਲੀ ਦੀ ਵੱਟ ’ਤੇ ਖੜ੍ਹੈ। ‘ਪੀੜੇ ਬਿਨਾਂ ਤੇਲ ਨਹੀਂ ਨਿਕਲਦਾ’। ਤਾਹੀਓਂ ਕੋਹਲੂ ਨਾਲ ਚੁੱਕੀ ਫਿਰਦੈ। ਖੇਤੀ ਮੰਤਰੀ ਤੋਮਰ ਹੱਥ ਜੋੜ ਫਰਮਾਏ, ‘ਛੱਡੋ ਝਗੜੇ ਝੇੜੇ, ਤੁਸੀਂ ਗੱਲ ਤਾਂ ਕਰੋ।’
ਮਾਝੇ ਦਾ ਜਰਨੈਲ ਨਹੀਂ, ਕੋਈ ਨਵਾਂ ਕਰਨੈਲ ਸਿਓਂ ਗਰਜਿਐ… ਬਣਾ ਕੀ ਰੱਖਿਐ, ਨੌਂ ਦਿਨ ਹੋ ਗਏ ਨੇ, ਪਿਛੇ ਨਿਆਣੇ ਛੱਡੇ ਨੇ, ਬਾਪ ਛੱਡਿਐ, ਬਿਰਧ ਮਾਂ ਘਰ ਛੱਡੀ ਐ, ਤੁਸਾਂ ਦੱਸੋ, ਹੱਕ ਕਿਵੇਂ ਛੱਡ ਦੇਈਏ। ਫਖ਼ਰ-ਏ-ਕਿਸਾਨ ਤੋਂ ਦਿੱਲੀ ਕੰਬੀ ਐ। ਮਨੋਹਰ ਲਾਲ ਖੱਟਰ ਨੇ ਕਿਸੇ ਸਿਆਣੇ ਤੋਂ ਹਥੌਲਾ ਪਵਾਇਐ, ਅਖੇ ਸੁਫ਼ਨੇ ‘ਚ ਪੱਗਾਂ ਦਾ ‘ਕੱਠ ਦਿਖਦੈ। ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ’ਚੋਂ ਵੋਟ ਬੈਂਕ ਦਿਖਦੈ, ਵੱਡੇ ਬਾਦਲ ਨੂੰ ਐਵਾਰਡ ਵਾਪਸੀ ’ਚੋਂ। ਸਿਆਸੀ ਖੇਖਣਾਂ ਦਾ ਮੇਲਾ ਭਰਿਐ। ਕਿਸਾਨ ਕਿਸੇ ਨੂੰ ਥੜ੍ਹੇ ਨਹੀਂ ਚੜ੍ਹਨ ਦੇ ਰਹੇ। ਜਵਾਨੀ ਤਾਂ ਪਹਿਲਾਂ ਦੰਦੀਆਂ ਵੱਢਦੀ ਐ। ਉਤੋਂ ਜਸਟਿਨ ਟਰੂਡੋ, ਨਾਲੇ ਪਰਵਾਸੀ ਪੰਜਾਬੀ ਵੀ ਉੱਠੇ ਨੇ। ਕਿਸਾਨ ਆਗੂ ਸੁਖਦੇਵ ਕੋਕਰੀ, ਸਾਇੰਸ ਅਧਿਆਪਕ ਰਿਹੈ। ਟਿਕਰੀ ਸਰਹੱਦ ’ਤੇ ਪ੍ਰਯੋਗਸ਼ਾਲਾ ਬਣਾਈ ਬੈਠੈ। ‘ਮਾਸਟਰ ਜੀ! ਸੰਘਰਸ਼ ਕਿੰਨੀ ਡਿਗਰੀ ’ਤੇ ਉਬਲਦੈ, ਜਿੰਨੇ ਮੂੰਹ, ਉਨੇ ਸੁਆਲ।
ਕੋਈ ਕਾਮਰੇਡ ਬੋਲਿਐ, ਉਬਾਲ ਨੂੰ ਛੱਡੋ, ਏਨਾ ਪਤੈ, ‘ਅੱਗ, ਪਾਣੀ ਤੇ ਸਰਕਾਰਾਂ ਕੋਲ ਕੋਈ ਰਹਿਮ ਨਹੀਂ ਹੁੰਦਾ।’ ਠੰਢ ਦੇ ਮੌਸਮ ’ਚ ਜੈਮਲ ਫੱਤੇ ਹੀ ਤਪ ਕਰਦੇ ਆ। ਦਿੱਲੀ ਘੋਲ ‘ਚ ਸਕੂਲੀ ਨਿਆਣੇ ਵੀ ਹਨ। ਮੂੰਹ ਸੂਰਜ ਵੱਲ ਕਰਦੇ ਨੇ, ਫੇਰ ਇੱਕੋ ਲੈਅ ’ਚ ਬੋਲਦੇ ਨੇ, ‘ਸੂਰਜਾ ਸੂਰਜਾ ਫੱਟੀ ਪੁਚਾ..!’ ਬਈ ਬੱਚੇ ਰੱਬ ਦਾ ਰੂਪ ਹੁੰਦੇ ਨੇ। ਸ਼ਾਇਦ ਅਮਿਤ ਸ਼ਾਹ ਨਵੇਂ ਸੂਰਜ ਤੋਂ ਡਰਿਐ। ਲਓ ਜੀ, ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਤਸ਼ਰੀਫ਼ ਲੈ ਆਈਆਂ। ਘੋੜੇ ਦੇਖ ਕੇ ਜੀਂਦ ਵੱਲ ਕੋਈ ਜਾਟ ਬੋਲਿਆ, ‘ਦਿੱਲੀ ਵਾਲੋਂ ਕੋ ਨਿਹੰਗੋਂ ਕੇ ਡੋਲੂ ਜੈਸੇ ਮਾਂਜੇਗੇ।’ ਧਨੀ ਰਾਮ ਚਾਤ੍ਰਿਕ ਦੀ ਹਾਜ਼ਰੀ ਕਬੂਲ ਕਰੋ, ‘ਨੀਂਦੋ ਜਾਗ ਪਿਆ ਜੱਗ ਸਾਰਾ, ਗਿਆ ਜ਼ਹਾਲਤ ਦਾ ਅੰਧਿਆਰਾ/ਤੂੰ ਬਣ ਕੇ ਪਰਭਾਤੀ ਤਾਰਾ, ਸੂਰਜ ਨਵਾਂ ਚੜ੍ਹਾ/ਜਵਾਨਾਂ! ਹਿੰਮਤ ਜ਼ਰਾ ਵਿਖਾ। ਦੱਸੋ ਰੱਬ ਨੇੜੇ ਕਿ ਘਸੁੰਨ। ਕੇਂਦਰ ਗੱਲਬਾਤ ਵਾਲੀ ਮੇਜ਼ ਚੁੱਕੀ ਫਿਰਦੈ। ਕਿਸਾਨ ਸੰਘਰਸ਼ ਹੁਣ ਲੋਕਾਂ ਦਾ ਘੋਲ ਬਣਿਐ। ਲੀਰਾਂ ਦੀ ਖੁੱਦੋ, ਕਿਤੇ ਉਧੜ ਨਾ ਜਾਏ, ਭਾਜਪਾਈ ਅੰਦਰੋਂ ਦਹਿਲੇ ਨੇ। ਮੋਦੀ ਰਾਜ ਨੇ ਮੁੜ ਗਲੀਚੇ ਵਿਛਾਏ ਨੇ, ਅਡਾਨੀ ਅੰਬਾਨੀ ਤਾੜੀ ਮਾਰ ਹੱਸੇ।
ਨਵਾਂ ਐਲਾਨ ਕੀਤੈ…‘ਐਗਰੋ ਕਾਰੋਬਾਰੀ ਫਰਮਾਂ’ ਨੂੰ ਦਿਆਂਗੇ ਇੱਕ ਲੱਖ ਕਰੋੜ ਦੀ ਵਿੱਤੀ ਮਦਦ। ਵਿਆਜ ’ਤੇ ਤਿੰਨ ਫੀਸਦ ਸਬਸਿਡੀ ਦਾ ਤੋਹਫਾ ਵੱਖਰਾ। ਚੋਰ ਨਾਲੋਂ ਪੰਡ ਕਾਹਲੀ। ਉੱਤਰ ਪ੍ਰਦੇਸ਼ ਵਾਲੇ ਯੋਗੀ ਪਹੁੰਚ ਗਏ ਮੁੰਬਈ, ‘ਅਡਾਨੀ ਐਗਰੋ ਫਰੈਸ਼’ ਦੇ ਐੱਮਡੀ ਨੂੰ ਪਾਈ ਜੱਫੀ। ਯੋਗੀ ਜੀ! ਸਰਦਾਰ ਪੰਛੀ ਨੂੰ ਵੀ ਸੁਣੋ, ‘ਜੋ ਨਸ਼ੇ ਮੇਂ ਚੂਰ ਹੋਤਾ ਹੈ, ਰੂਹ ਅਪਨੀ ਸੇ ਦੂਰ ਹੋਤਾ ਹੈ। ਸਿੰਘੂ ਬਾਰਡਰ ਵਾਲੇ ਸੰਘਰਸ਼ੀ ਵਟਨਾ ਮਲ ਰਹੇ ਨੇ। ਨਾਬਰੀ ਤੋਂ ਭਗੌੜਾ ਕੌਣ ਹੁੰਦੈ।
ਦੱਖਣ ਦੇ ਕਿਸਾਨ ਹੁਣ ਧੁਖੇ ਨੇ। ਉਂਜ ਪੰਜਾਬੀ ਖੇਤੀ ਕਾਨੂੰਨਾਂ ਖ਼ਿਲਾਫ਼ ਮੋੜ੍ਹੀ ਗੱਡ ਬਣੇ ਨੇ। ਸਿਰ ਕਲਾਕਾਰਾਂ ਤੇ ਕਲਮਕਾਰਾਂ ਨੇ ਜੋੜੇ ਨੇ। ਨਿਤਸ਼ੇ ਨੇ ਨਿਚੋੜ ਕੱਢਿਐ, ‘ਸੋਚਵਾਨ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਜ਼ੁਲਮ ਕਰਨ ਵਾਲੇ ਲੋਕਾਂ ਦੀ ਕਦੇ ਧਿਰ ਨਾ ਬਣਨ।’ ਦਿੱਲੀ ਦੀ ਜੂਹ ’ਤੇ ਜਾਗੋ ਜ਼ੋਰਾਂ ’ਤੇ ਹੈ। ਚਿੜੀਆਂ ਬੋਲ ਪਈਆਂ..! ਔਹ ਦੇਖੋ, ਢੋਡਰ ਕਾਵਾਂ ਨੂੰ ਕਿਵੇਂ ‘ਸਰਦੀ ਮੇਂ ਗਰਮੀ ਕਾ ਅਹਿਸਾਸ’ ਹੋਇਐ। ਕਿਸਾਨਾਂ ਨੇ ਰੋਹ ਦੀ ਰਮਜ਼ ਇੰਝ ਸਮਝਾਈ, ਪਹਿਲਾਂ ‘ਭਾਜਪਾਈ ਚਾਹ’ ਠੁਕਰਾਈ, ਮਗਰੋਂ ਤੋਮਰਾਂ ਦਾ ਖਾਣਾ-ਪਾਣੀ। ‘ਸੌ ਹੱਥ ਰੱਸਾ, ਸਿਰੇ ’ਤੇ ਗੰਢ’, ਕਿਸੇ ਨੂੰ ਸਮਝ ਨਹੀਂ ਆਈ, ਪਿਸ਼ੌਰਾ ਸਿਓਂ ਅੱਜ ਫੇਰ ਚੁੱਪ ਵੱਟੀ ਬੈਠੈ। ਮਨੀਰਾਮ ’ਤੇ ਕਈ ਟਨ ਰੋਹ ਲੱਦੀ ਫਿਰਦੈ। ਫਿਰ ਬੈਠ ਗਿਆ ਉਸੇ ਵੱਟ ’ਤੇ। ਇਨਕਲਾਬੀ ਗਾਇਕ ਜਗਸੀਰ ਜੀਦਾ। ਟਿਕਰੀ ਸਰਹੱਦ ’ਤੇ ਬੋਲੀਆਂ ਦਾ ਪਿੜ ਬੰਨ੍ਹ ਰਿਹੈ। ਸੁਣਦਾ ਸੁਣਦਾ ਪਿਸ਼ੌਰਾ ਸਿੰਘ ਮੁੜ ਖਿਆਲਾਂ ਦੀ ਪੱਤਣ ’ਤੇ ਜਾ ਬੈਠੈ। ਗੁਰੂ ਘਰ ’ਚੋਂ ਹੋਈ ਪੁਰਾਣੀ ਮੁਨਿਆਦੀ ਕੰਨਾਂ ‘ਚ ਆ ਗੂੰਜੀ ਐ…’ਭਾਈ ਪਿਸ਼ੌਰਾ ਸਿਓਂ ਦੀ ਜ਼ਮੀਨ ਦੀ ਕੁਰਕੀ ਦੀ ਤਿਆਰੀ ਐ, ਬੈਂਕ ਵਾਲੇ ਪਹੁੰਚ ਗਏ ਨੇ, ਬੋਲੀ ਦੇਣ ਦੇ ਚਾਹਵਾਨ ਛੇਤੀ ਆਓ। ਪਿਸ਼ੌਰਾ ਸਿੰਘ ਦੇ ਮਨ ਦਾ ਬੂਹਾ ਜਵਾਨ ਭਰਾ ਲਾਹੌਰਾ ਸਿਓਂ ਨੇ ਆ ਖੜਕਾਇਐ। ਸਾਲਮ ਤੱਕ ਸੱਥਰ ’ਤੇ ਬੈਠੇ ਲੋਕ ਦਿਖੇ, ਮੂੰਹ ਜੋੜ ਗੱਲਾਂ ਕਰਦੇ ਹੋਏ, ‘ਪਾਪੀਆ ਏਹ ਕਦਮ ਕਾਹਤੋ ਚੁੱਕਣਾ ਸੀ।’ ਅੱਠ ਸਾਲ ਦੇ ਭਤੀਜੇ ਨੂੰ ਆਖ਼ਰੀ ਮੂੰਹ ਦਿਖਾਈ ਕਰਾਈ। ਅਰਥੀ ਕੋਲ ਦੁਹੱਥੜ ਮਾਰ ਰੋਇਆ, ‘ਬਾਪੂ, ਤੂੰ ਕਿਥੇ ਚਲਾ ਗਿਆ।’
ਪਿਸ਼ੌਰਾ ਸਿਓਂ ਦੀਆਂ ਅੱਖਾਂ ਗੱਚ ਸਨ। ਪੱਗ ਦਾ ਪੂਰਾ ਲੜ ਭਿੱਜ ਗਿਆ। ਸੋਚਾਂ ‘ਚ ਗੁਆਚੇ ਪਿਸ਼ੌਰਾ ਸਿੰਘ ਨੂੰ ਇੰਝ ਲੱਗਾ ਜਿਵੇਂ ਲਾਹੌਰਾ ਆਖਦਾ ਹੋਵੇ, ਬਾਈ ਸਿਆਂ! ਦਿੱਲੀ ਤੋਂ ਖਾਲੀ ਨਹੀਓਂ ਮੁੜਨਾ, ਨਹੀਂ ਤਾਂ ਪੰਜਾਬ ’ਚ ਸੱਥਰ ਵਿਛਜੂ। ਉਪਰੋਂ ਬਿਰਧ ਮਾਂ ਕੋਲ ਆ ਖੜੋਈ, ਪੁੱਤ! ਮਾਂ ਦੇ ਦੁੱਧ ਦੀ ਲਾਜ ਰੱਖੀਂ। ਭਾਵੁਕਤਾ ‘ਚ ਗੜੁੱਚ ਪਿਸ਼ੌਰਾ ਸਿਓਂ ਮਾਂ ਦੇ ਪੈਰਾਂ ‘ਚ ਡਿੱਗ ਪਿਆ। ਦਿੱਲੀ ਸਰਹੱਦ ‘ਤੇ ਬੈਠੈ ਨੌਜਵਾਨ ਭੱਜੇ ਆਏ। ਪਿਸ਼ੌਰਾ ਸਿਓਂ ਧਰਤੀ ‘ਤੇ ਵਾਰ-ਵਾਰ ਮੱਥਾ ਲਾ ਰਿਹੈ, ਨਾਲੇ ਬੁੜਬੁੜਾ ਵੀ ਰਿਹੈ। ਵਿਚੋਂ ਇੱਕ ਮੁੰਡਾ ਨੇ ਹਲੂਣ ਕੇ ਕਿਹਾ… ਤਾਇਆ! ਸੁਰਤ ਕਰ, ਆਹ ਕੀ ਕਰੀ ਜਾਨੈ। ਪਿਸ਼ੌਰੇ ਦੀ ਖਿਆਲੀ ਖੇਡ ਖਿੱਲਰ ਗਈ।
ਅੱਭੜਵਾਹੇ ਪੁੱਛਣ ਲੱਗਾ, ‘ਮੇਰੀ ਮਾਂ ਕਿੱਧਰ ਚਲੀ ਗਈ।’ ਟਿਕਰੀ ਸਰਹੱਦ ਨੂੰ ਹੁਣ ਸਮਝ ਪਏ ਨੇ। ਠੰਢ ‘ਚ ਗੂੰਜਦੇ ਨਾਅਰੇ। ਵੱਟ ਤੋਂ ਉੱਠ ਪਿਸ਼ੌਰਾ ਸਿਓਂ ਪੰਡਾਲ ਵੱਲ ਤੁਰਿਐ। ਹੱਥ ’ਚ ਝੰਡਾ, ਚਿਹਰੇ ’ਤੇ ਜੋਸ਼। ਤਣੇ ਹੋਏ ਮੁੱਕੇ ਨੂੰ ਦੇਖ ਛੱਜੂ ਰਾਮ ਤੋਂ ਰਹਿ ਨਾ ਹੋਇਆ, ‘ਦਿੱਲੀ ਵਾਲਿਓ! ਹੁਣ ਤਾਂ ਝੱਖੜ ਝੁੱਲੇਗਾ।’