ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਸਤੰਬਰ
ਇਕ ਅਫਰੀਕਨ ਮੂਲ ਦੇ ਵਿਅਕਤੀ ਅਤੇ ਉਸ ਦੇ 6 ਸਾਲ ਬੇਟੇ ਵੱਲੋਂ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਦਸਤਾਰ ਸਜਾਉਣ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਅਤੇ ਵੀਡੀਓ ਕਰੀਬ 9 ਲੱਖ ਲੋਕਾਂ ਨੇ ਦੇਖੀ ਅਤੇ ਪਸੰਦ ਕੀਤੀ ਹੈ।
ਇਸ ਜੋੜੇ ਵੱਲੋਂ ਐਲਿਸਾ ਤੇ ਲਾਰੈਂਸ ਦੇ ਨਾਂ ਹੇਠ ਇੰਸਟਾਗ੍ਰਾਮ ’ਤੇ ਵੀ ਆਪਣੀ ਇਕ ਵੀਡੀਓ ਅਤੇ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਜਿਸ ਨੂੰ ਵੱਡੀ ਗਿਣਤੀ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਪਿਓ-ਪੁੱਤਰ ਨੇ ਦਸਤਾਰ ਸਜਾਈ ਹੋਈ ਹੈ। ਇਸ ਸਬੰਧੀ ਇਕ ਵੀਡੀਓ ਵਿਚ ਉਹ ਇਥੇ ਸਥਾਨਕ ਇਕ ਪੱਗਾਂ ਦੀ ਦੁਕਾਨ ’ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ, ਜਿੱਥੇ ਲਾਰੈਂਸ ਦੇ ਸਿਰ ’ਤੇ ਇੱਕ ਵਿਅਕਤੀ ਦਸਤਾਰ ਸਜਾ ਰਿਹਾ ਹੈ। ਇਸੇ ਤਰ੍ਹਾਂ ਆਪਣੀ ਮਾਂ ਦੀ ਗੋਦ ਵਿੱਚ ਬੈਠੇ ਬੇਟੇ ਦੇ ਸਿਰ ਤੇ ਪਟਕਾ ਬੰਨ੍ਹਿਆ ਗਿਆ। ਇਹ ਜੋੜਾ ਇਸ ਵੇਲੇ ਇੰਗਲੈਂਡ ਵਿਚ ਰਹਿੰਦਾ ਹੈ ਅਤੇ ਭਾਰਤ ਦੌਰੇ ’ਤੇ ਆਇਆ ਹੋਇਆ ਹੈ। ਦੋਵੇਂ ਪਤੀ-ਪਤਨੀ ਅਸ਼ਵੇਤ ਤੇ ਸ਼ਵੇਤ ਹਨ। ਜੱਲ੍ਹਿਆਂਵਾਲਾ ਬਾਗ ਦਾ ਦੌਰਾ ਕਰਦਿਆਂ ਉਨ੍ਹਾਂ ਇਸ ਘਟਨਾ ’ਤੇ ਖੇਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਦੁਖੀ ਕਰਨ ਵਾਲੀ ਘਟਨਾ ਹੈ। ਉਨ੍ਹਾਂ ਨੇ ਗੋਲੀਆਂ ਦੇ ਲੱਗੇ ਨਿਸ਼ਾਨ ਵੀ ਦੇਖੇ ਹਨ ਅਤੇ ਕਿਹਾ ਕਿ ਉਹ ਇਸ ਘਟਨਾ ਲਈ ਯੂਕੇ ਵਾਸੀ ਹੁੰਦਿਆਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝ ਰਹੇ ਹਨ। ਇਹ ਜੋੜਾ ਸਰਦਾਰ ਵਾਲੇ ਸਰੂਪ ਵਿੱਚ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਖਣ ਵਾਸਤੇ ਵੀ ਗਿਆ, ਉੱਥੇ ਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਪਸੰਦ ਕੀਤਾ ਗਿਆ। ਇਹ ਜੋੜਾ ਰਾਜਸਥਾਨ ਦੇ ਸ਼ਹਿਰਾਂ ਤੇ ਆਗਰਾ ਵਿੱਚ ਤਾਜ ਮਹਿਲ ਵੀ ਦੇਖ ਕੇ ਆਇਆ ਹੈ।