ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 18 ਸਤੰਬਰ
ਪਿੰਡ ਬੱਗੇਆਣਾ ਵਿੱਚ ਪਤਨੀ ਨੇ ਆਪਣੇ ਰਿਸ਼ਤੇਦਾਰਾਂ ਤੋਂ ਪਤੀ ਦੀ ਕਥਿਤ ਕੁੱਟਮਾਰ ਕਰਵਾਈ। ਕੋਟਕਪੂਰਾ ਸਦਰ ਪੁਲੀਸ ਨੇ ਇਸ ਸਬੰਧੀ ਪਤਨੀ ਦੇ ਤਿੰਨ ਭਾਣਜਿਆਂ ਖ਼ਿਲਾਫ਼ ਅਗਵਾ ਤੇ ਕੁੱਟਮਾਰ ਕਰਨ ਦਾ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਪੀੜਤ ਰਣਜੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਵਿਆਹ ਵੀਹ ਸਾਲ ਪਹਿਲਾਂ ਕੁਲਵਿੰਦਰ ਕੌਰ ਵਾਸੀ ਨੱਥੂਵਾਲਾ ਗਰਬੀ ਜ਼ਿਲ੍ਹਾ ਮੋਗਾ ਨਾਲ ਹੋਇਆ ਸੀ। ਪਿਛਲੇ ਕੁੱਝ ਸਮੇਂ ਤੋਂ ਉਸ ਦੀ ਪਤਨੀ ਅਕਸਰ ਉਸ ਨੂੰ ਕਥਿਤ ਭੁੱਖਾ-ਪਿਆਸਾ ਰੱਖਦੀ, ਆਪਣੇ ਮੈਲੇ-ਕੁਚਲੇ ਕੱਪੜੇ ਧੋਣ ਲਈ ਉਹ ਆਪਣੀ ਪਤਨੀ ਨੂੰ ਕਹਿੰਦਾ ਤਾਂ ਉਹ ਉਸ ਨੂੰ ਕਥਿਤ ਬੁਰਾ-ਭਲਾ ਆਖਦੀ ਸੀ। ਪਰਿਵਾਰਕ ਝਗੜੇ ਕਾਰਨ ਉਹ ਪਤਨੀ ਤੋਂ ਵੱਖ ਹੋ ਕੇ ਆਪਣੇ ਮਾਂ-ਬਾਪ ਕੋਲ ਬੱਗੇਆਣਾ ਰਹਿਣ ਲੱਗਿਆ ਪਰ ਇੱਥੇ ਵੀ ਪ੍ਰੇਸ਼ਾਨੀਆਂ ਖਤਮ ਨਹੀਂ ਹੋਈਆਂ। ਪਤਨੀ ਉਸ ਨੂੰ ਕਥਿਤ ਤੰਗ-ਪ੍ਰੇਸ਼ਾਨ ਕਰਦੀ ਰਹਿੰਦੀ।
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਮੁਤਾਬਕ ਲੰਘੀ 15 ਸਤੰਬਰ ਨੂੰ ਰਣਜੀਤ ਆਪਣੀ ਮਾਂ ਕੋਲ ਰੋਟੀ ਖਾ ਰਿਹਾ ਸੀ ਤਾਂ ਕੁਲਵਿੰਦਰ ਕੌਰ ਦੇ ਤਿੰਨ ਭਾਣਜੇ ਹਰਪਾਲ ਸਿੰਘ ਉਰਫ ਭੋਲਾ, ਮੰਦਰ ਸਿੰਘ ਅਤੇ ਵੀਰਾ ਸਿੰਘ ਉਸ ਦੇ ਘਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਰਣਜੀਤ ਨਾਲ ਕਥਿਤ ਧੱਕਾਮੁੱਕੀ ਕੀਤੀ। ਉਹ ਰਣਜੀਤ ਨੂੰ ਕਾਰ ਵਿੱਚ ਸੁੱਟ ਕੇ ਆਪਣੇ ਪਿੰਡ ਲੈ ਗਏ। ਕੁੱਝ ਦਿਨ ਬੰਦੀ ਰਹਿਣ ਮਗਰੋਂ ਰਣਜੀਤ ਉਨ੍ਹਾਂ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਤੇ ਆਪਣੇ ਘਰ ਪਹੁੰਚ ਗਿਆ। ਪਰਿਵਾਰ ਨੇ ਪੀੜਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।