ਪੱਤਰ ਪ੍ਰੇਰਕ
ਅਬੋਹਰ, 20 ਮਈ
ਸਥਾਨਕ ਰੇਲਵੇ ਸਟੇਸ਼ਨ ’ਤੇ ਅੱਜ ਦੁਪਹਿਰ ਚਲਦੀ ਰੇਲਗੱਡੀ ਤੋਂ ਛਾਲ ਮਾਰ ਕੇ ਡਿੱਗਣ ਕਾਰਨ ਇਕ ਔਰਤ, ਉਸ ਦਾ ਪੁੱਤਰ ਤੇ ਧੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਸੰਗਰੀਆਂ ਦੀ ਰਹਿਣ ਵਾਲੀ ਕੌਸ਼ੱਲਿਆ ਦੇਵੀ ਅੱਜ ਆਪਣੇ ਵੱਡੇ ਲੜਕੇ, ਛੋਟੇ ਲੜਕੇ ਅਤੇ ਧੀ ਨਾਲ ਅਬੋਹਰ ਰੇਲਵੇ ਸਟੇਸ਼ਨ ਤੋਂ ਫਾਜ਼ਿਲਕਾ ਜਾਣ ਲਈ ਰੇਲਗੱਡੀ ਵਿੱਚ ਬੈਠੀ ਸੀ। ਇਸ ਦੌਰਾਨ ਉਸ ਦਾ ਛੋਟਾ ਲੜਕਾ ਗੱਡੀ ਦੇ ਬਾਥਰੂਮ ’ਚ ਗਿਆ ਤਾਂ ਔਰਤ ਨੂੰ ਲੱਗਾ ਕਿ ਉਸ ਦਾ ਬੇਟਾ ਸਟੇਸ਼ਨ ’ਤੇ ਹੀ ਰਹਿ ਗਿਆ ਹੈ, ਇਸ ਦੌਰਾਨ ਉਸ ਦਾ ਵੱਡਾ ਲੜਕਾ ਗੱਡੀ ਦੇ ਦਰਵਾਜ਼ੇ ਤੋਂ ਦੇਖਣ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਸਟੇਸ਼ਨ ’ਤੇ ਡਿੱਗ ਪਿਆ। ਬੇਟੇ ਨੂੰ ਦੇਖ ਕੇ ਕੌਸ਼ੱਲਿਆ ਦੇਵੀ ਨੇ ਵੀ ਬੇਟੇ ਪਿੱਛੇ ਛਾਲ ਮਾਰ ਦਿੱਤੀ ਅਤੇ ਉਸ ਪਿੱਛੇ ਛੋਟੀ ਬੇਟੀ ਨੇ ਵੀ ਛਾਲ ਮਾਰ ਦਿੱਤੀ ਜਿਸ ਕਾਰਨ ਤਿੰਨੋਂ ਜਣੇ ਗੰਭੀਰ ਜ਼ਖਮੀ ਹੋ ਗਏ। ਰੇਲਵੇ ਪੁਲੀਸ ਨੇ ਨਰ ਸੇਵਾ ਨਰਾਇਣ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।