ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਜੁਲਾਈ
ਪਿੰਡ ਮਾਣੇਵਾਲ ਦੇ ਇੱਕ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਸਣੇ ਸਰਵਣ ਸਿੰਘ, ਗੁਰਲਾਲ ਸਿੰਘ ਤੇ ਕਾਲਾ ਨਾਮੀ ਵਿਅਕਤੀ ਸ਼ਾਮਲ ਹੈ।
ਇਸ ਸਬੰਧੀ ਡੀਐੱਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਮਾਛੀਵਾੜਾ ਪੁਲੀਸ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਮਾਣੇਵਾਲ ਦੇ ਖੇਤਾਂ ਵਿੱਚ ਪਈ ਹੈ। ਇਸ ਮਗਰੋਂ ਥਾਣਾ ਮੁਖੀ ਵਿਜੈ ਕੁਮਾਰ ਪੁਲੀਸ ਪਾਰਟੀ ਸਮੇਤ ਖੇਤਾਂ ਵਿੱਚ ਪੁੱਜੇ ਤੇ ਉੱਥੇ ਜਾਂਚ ਦੌਰਾਨ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਹੈਪਾ (21) ਵਾਸੀ ਮਾਣੇਵਾਲ ਵਜੋਂ ਹੋਈ। ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਨੇ ਕੱਲ੍ਹ ਦੁਪਹਿਰ ਪਹਿਲਾਂ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਪਿੰਡ ਦੇ ਬਾਹਰ ਖੇਤਾਂ ਵਿੱਚ ਰਹਿੰਦੀ ਇਕ ਔਰਤ ਦੇ ਘਰ ਚਲਾ ਗਿਆ।
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੀ ਜੇਬ੍ਹ ’ਚ 5000 ਰੁਪਏ ਸਨ ਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਦੌਰਾਨ ਔਰਤ ਨੇ ਆਪਣੇ ਭਰਾ ਸਰਵਣ ਸਿੰਘ, ਗੁਰਲਾਲ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਮਨਪ੍ਰੀਤ ਦੇ ਨਸ਼ੇ ਦਾ ਟੀਕਾ ਲਾ ਦਿੱਤਾ ਤੇ ਟੀਕੇ ਨਾਲ ਉਸ ਦੀ ਮੌਤ ਹੋ ਗਈ।
ਮਨਪ੍ਰੀਤ ਸਿੰਘ ਦੀ ਹੱਤਿਆ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ਦੀ ਲਾਸ਼ ਨੇੜਲੇ ਖੇਤਾਂ ਵਿੱਚ ਸੁੱਟ ਦਿੱਤੀ ਤਾਂ ਜੋ ਘਟਨਾ ਦਾ ਸ਼ੱਕ ਉਨ੍ਹਾਂ ’ਤੇ ਨਾ ਪਵੇ। ਮ੍ਰਿਤਕ ਦੇ ਪਿਤਾ ਸੋਹਣ ਸਿੰਘ ਦੇ ਬਿਆਨਾਂ ’ਤੇ ਮਾਛੀਵਾੜਾ ਪੁਲੀਸ ਨੇ ਉਕਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ, ਪਰ ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਕਤਲ ਮਾਮਲੇ ਦੀ ਮੁਲਜ਼ਮ ਔਰਤ ਖ਼ਿਲਾਫ਼ ਪਹਿਲਾਂ ਵੀ ਥਾਣਾ ਮਾਛੀਵਾੜਾ ਵਿੱਚ ਨਸ਼ਾ ਤਸਕਰੀ ਦੇ 4 ਮਾਮਲੇ ਦਰਜ ਹਨ ਤੇ ਉਹ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਹੋਈ ਹੈ।
ਐਤਵਾਰ ਨੂੰ ਹੋਣਾ ਸੀ ਮਨਪ੍ਰੀਤ ਦਾ ਵਿਆਹ
ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ’ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਐਤਵਾਰ ਨੂੰ ਸਾਦੇ ਢੰਗ ਨਾਲ ਵਿਆਹ ਕੀਤਾ ਜਾਣਾ ਸੀ ਪਰ ਉਸ ਦਾ ਪਹਿਲਾਂ ਹੀ ਕਤਲ ਹੋ ਗਿਆ। ਕਿੱਤੇ ਵਜੋਂ ਮਜ਼ਦੂਰੀ ਕਰਦੇ ਮਨਪ੍ਰੀਤ ਨੇ ਕਿੱਥੇ ਵਿਆਹ ਵਾਲੀ ਘੋੜੀ ਚੜ੍ਹਨਾ ਸੀ, ਪਰ ਹੁਣ ਘਰ ਵਿੱਚ ਉਸ ਦੀ ਅਰਥੀ ’ਤੇ ਪਈ ਸੀ।