ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਮਈ
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਪੰਜਾਬ ’ਚ ਚੱਲ ਰਹੀ ਮੁਹਿੰਮ ਦਾ ਅਸਰ ਅੱਜ ਨੇੜਲੇ ਪਿੰਡ ਗਾਲਬਿ ਕਲਾਂ ਦੇ ਦਰਜਨ ਤੋਂ ਵਧੇਰੇ ਦਲਿਤ ਪਰਿਵਾਰਾਂ ’ਤੇ ਵੀ ਦੇਖਣ ਨੂੰ ਮਿਲਿਆ। ਇਥੇ ਪੰਚਾਇਤ ਵਿਭਾਗ ਨੇ 12 ਘਰਾਂ ਨੂੰ ਜਿੰਦਰੇ ਜੜ ਦਿੱਤੇ ਹਨ। ਸਰਕਾਰ ਦੀ ਇਸ ਕਾਰਵਾਈ ਵਿੱਚ ਆਪਣੇ ਪੇਕੇ ਪਿੰਡ ਗਾਲਬਿ ਕਲਾਂ ਪਹਿਲਾ ਜਣੇਪਾ ਕੱਟਣ ਆਈ ਇੱਕ ਮਹਿਲਾ ਆਪਣੇ ਪਰਿਵਾਰ ਸਮੇਤ ਘਰੋਂ ਬੇਘਰ ਹੋ ਗਈ ਹੈ। ਸਰਕਾਰੀ ਕਾਰਵਾਈ ਤਹਿਤ ਇਕ ਕਮਰੇ ਦੇ ਘਰ ਨੂੰ ਜਿੰਦਰਾ ਲੱਗਣ ਮਗਰੋਂ ਅਮਰਜੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਹੁਣ ਘਰ ਦੇ ਬਾਹਰ ਕੁਰਸੀ ’ਤੇ ਬੈਠੀ ਹੈ। ਪਿੰਡ ਵਿੱਚ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਅੱਜ ਪਿੰਡ ਵਿੱਚ ਇਕੱਤਰਤਾ ਕਰਕੇ ਇਸ ਕਾਰਵਾਈ ਲਈ ਪ੍ਰਸ਼ਾਸਨ ਸਣੇ ਸੂਬਾ ਸਰਕਾਰ ਖ਼ਿਲਾਫ਼ ਵੀ ਰੋਸ ਪ੍ਰਗਟਾਇਆ। ਬਸਪਾ ਆਗੂ ਰਛਪਾਲ ਸਿੰਘ ਗਾਲਬਿ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਅੱਜ ਜਿੰਨੇ ਘਰਾਂ ਨੂੰ ਜਿੰਦਰੇ ਜੜੇ ਹਨ, ਉਹ ਸਾਰੇ ਅਨੁਸੂਚਿਤ ਜਾਤੀ ਨਾਲ ਸਬੰਧਤ ਤੇ ਆਰਥਿਕ ਪੱਖੋਂ ਗਰੀਬ ਤਬਕੇ ਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਪੰਚਾਇਤੀ ਜ਼ਮੀਨ ’ਤੇ ਜਨਰਲ ਵਰਗ ਵੱਲੋਂ ਕੀਤੇ ਗਏ ਕਬਜ਼ਿਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਬਕਾ ਪੰਚ ਗੁਰਮੇਲ ਸਿੰਘ, ਪੰਚ ਗੁਰਚਰਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕੁਝ ਘਰ ਛੱਡ ਸਕਦਾ ਸੀ ਤਾਂ ਪਿੰਡ ਬੋਦਲਵਾਲਾ ਵਿਆਹੀ ਨੌਂ ਮਹੀਨੇ ਗਰਭਵਤੀ ਇਸ ਲੜਕੀ ਦਾ ਘਰ ਵੀ ਛੱਡਿਆ ਜਾਣਾ ਚਾਹੀਦਾ ਸੀ।
ਅਦਾਲਤੀ ਹੁਕਮਾਂ ’ਤੇ ਕਾਰਵਾਈ ਕੀਤੀ: ਬੀਡੀਪੀਓ
ਬੀਡੀਪੀਓ ਸਤਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਅਦਾਲਤ ’ਚ ਕੇਸ ਜਿੱਤਣ ਮਗਰੋਂ ਕਬਜ਼ਾ ਵਾਰੰਟ ਤਹਿਤ ਵਿਭਾਗ ਨੇ ਕਾਰਵਾਈ ਅਮਲ ’ਚ ਲਿਆਂਦੀ ਹੈ। ਪੱਖਪਾਤ ਦੇ ਦੋਸ਼ ਨਕਾਰਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਬਾਰਾਂ ਜਣਿਆਂ ਦੇ ਨਾਂ ’ਤੇ ਆਦੇਸ਼ ਸਨ, ਉਨ੍ਹਾਂ ਖ਼ਿਲਾਫ਼ ਹੀ ਕਾਰਵਾਈ ਕੀਤੀ ਹੈ।