ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 27 ਸਤੰਬਰ
ਖੇਤੀ ਸੋਧ ਬਿੱਲ ਦੇ ਵਿਰੋਧ ਵਿਚ ਸ਼ੁਰੂ ਹੋਇਆ ਕਿਸਾਨਾਂ ਤੇ ਮਜ਼ਦੂਰਾਂ ਦਾ ‘ਰੇਲ ਰੋਕੋ’ ਸੰਘਰਸ਼ ਅੱਜ ਚੌਥੇ ਦਿਨ ਵਿਚ ਪਹੁੰਚ ਗਿਆ। ਇਸ ਦੌਰਾਨ ਅੱਜ ਕਿਸਾਨਾਂ ਦੇ ਨਾਲ ਬੀਬੀਆਂ ਨੇ ਵੀ ਕੇਸਰੀ ਚੁੰਨੀਆਂ ਲੈ ਕੇ ਮੋਰਚੇ ਦੀ ਕਮਾਨ ਸੰਭਾਲੀ। ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਦੇਵੀਦਾਸਪੁਰਾ ਦੀ ਪਟੜੀ ’ਤੇ ਬੈਠੀਆਂ ਬੀਬੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਭਰਾ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਅਤੇ ਦਬਾਅ ਕਾਰਨ ਆਪਣੀ ਸਾਖ ਬਚਾਉਣ ਲਈ ਮਜਬੂਰੀ ’ਚ ਭਾਜਪਾ ਨਾਲੋਂ ਗੱਠਜੋੜ ਤੋੜਿਆ ਹੈ। ਇਹ ਗੱਠਜੋੜ ਟੁੱਟਣ ਨਾਲ ਕੇਂਦਰ ’ਤੇ ਦਬਾਅ ਜ਼ਰੂਰ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਗੱਠਜੋੜ ਟੁੱਟਣਾ ਅੰਦੋਲਨ ਦੀ ਜਿੱਤ ਹੈ।
ਆਗੂਆਂ ਨੇ ਕਿਹਾ ਕਿ ਕੇਸਰੀ ਰੰਗ ਨਾਲ ਸਜੇ ਪੰਡਾਲ ਦੀ ਗੂੰਜ ਦਿੱਲੀ ਦਰਬਾਰ ਵਿੱਚ ਜ਼ਰੂਰ ਪਵੇਗੀ। ਦੁਸ਼ਯੰਤ ਚੌਟਾਲਾ ਕਿਸਾਨਾਂ ਦੀਆਂ ਵੋਟਾਂ ਨਾਲ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਬਣੇ ਹਨ ਪਰ ਉਨ੍ਹਾਂ ਵੱਲੋਂ ਖੱਟਰ ਸਰਕਾਰ ਨਾਲ ਮਿਲ ਕੇ ਪੁਲੀਸ ਰਾਹੀਂ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਛੇਤੀ ਸ਼ੁਰੂ ਕਰਨ ’ਤੇ ਆਗੂਆਂ ਨੇ ਕਿਹਾ ਕਿ ਝੋਨਾ ਹਾਲੇ 10 ਦਿਨਾਂ ਬਾਅਦ ਸਰਕਾਰੀ ਖਰੀਦ ਲਈ ਮੰਡੀਆਂ ਵਿੱਚ ਆਉਣਾ ਹੈ। ਮੰਡੀਆਂ ਵਿਚ ਖਰੀਦ ਪ੍ਰਬੰਧ ਵੀ ਹਾਲੇ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੇ ਹੱਕ ਵਿੱਚ ਮੋਦੀ ਸਰਕਾਰ ਦਾ ਕੂੜ ਪ੍ਰਚਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕਦਾ। ਦੇਸ਼ ਦੇ ਕਿਸਾਨਾਂ ਦੀ ਮੋਦੀ ਸਰਕਾਰ ਖ਼ਿਲਾਫ਼ ਜਿੱਤ ਅਤੇ ਕਾਰਪੋਰੇਟ ਜਗਤ ਦੀ ਹਾਰ ਹੋਵੇਗੀ। ਇਸ ਮੌਕੇ ਡਾਕਟਰ ਟਵਿੰਕਲ ਸਿੰਘ, ਬੀਬੀ ਵੀਰ ਕੌਰ ਚੱਬਾ, ਚਰਨਜੀਤ ਕੌਰ ਵਰਪਾਲ, ਗੁਰਮੀਤ ਕੌਰ, ਪਰਮਜੀਤ ਕੌਰ ਬੈਂਕਾ, ਰਣਜੀਤ ਕੌਰ, ਕੁਲਵਿੰਦਰ ਕੌਰ, ਵੀਰ ਕੌਰ, ਕੁਲਦੀਪ ਕੌਰ, ਬਲਵਿੰਦਰ ਕੌਰ, ਸਵਿੰਦਰ ਕੌਰ ਕੱਕੜ, ਜਸਬੀਰ ਕੌਰ, ਹਰਭਜਨ ਕੌਰ, ਰਜਵੰਤ ਕੌਰ ਰੂਪੋਵਾਲੀ, ਜਸਬੀਰ ਕੌਰ ਕਲੇਰਬਲਾ, ਕੁਲਵਿੰਦਰ ਕੌਰ ਮਤੇਨੰਗਲ ਅਤੇ ਹੋਰ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਲ ਹੋਈਆਂ।
ਤਰਨ ਤਾਰਨ (ਪੱਤਰ ਪ੍ਰੇਰਕ): ਖੇਤੀ ਬਿੱਲਾਂ ਵਿਰੁੱਧ ਅੱਜ ਵੱਡੀ ਗਿਣਤੀ ਬੀਬੀਆਂ ਨੇ ਕਿਸਾਨ ਅੰਦੋਲਨ ਦਾ ਪਿੜ ਮੱਲਦਿਆਂ ਸਿਰਾਂ ’ਤੇ ਕੇਸਰੀ ਚੁੰਨੀਆਂ ਲੈ ਕੇ ਕੌਮੀ ਮਾਰਗ ’ਤੇ ਪਿੰਡ ਪਿੱਦੀ ਨੇੜੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦੀ ਅਰਥੀ ਫੂਕੀ। ਇਨ੍ਹਾਂ ਬੀਬੀਆਂ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਲਗਾਏ ਪੱਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਮਗਰੋਂ ਰੇਲਾਂ ਰੋਕਣ ਵਾਲੇ ਧਰਨੇ ਵਿੱਚ ਵੀ ਹਿੱਸਾ ਲਿਆ| ਇਸ ਮੌਕੇ ਆਗੂ ਦਵਿੰਦਰ ਕੌਰ, ਸੁਖਵੰਤ ਕੌਰ ਤੇ ਜੋਗਿੰਦਰ ਕੌਰ ਪਿੱਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਖਿਲਾਫ਼ ਜਾਂਦੇ ਲੋਕ ਸਭਾ ਵਿੱਚ ਪਾਸ ਬਿੱਲਾਂ ਨੂੰ ਲਾਗੂ ਨਹੀਂ ਹੋਣ ਦੇਣਗੀਆਂ। ਇਸ ਲਈ ਉਹ ਹਰ ਕੁਰਬਾਨੀ ਲਈ ਤਿਆਰ ਹਨ। ਇਸ ਮੌਕੇ ਬਲਵਿੰਦਰ ਕੌਰ ਪਿੱਦੀ, ਜਸਬੀਰ ਕੌਰ, ਜਗੀਰ ਕੌਰ, ਗੁਰਪਾਲ ਕੌਰ, ਗੁਰਮੀਤ ਕੌਰ, ਕਰਮ ਕੌਰ ਸ਼ੇਰੋਂ, ਰਣਜੀਤ ਕੌਰ, ਪੂਰਨ ਕੌਰ ਕਲੇਰ, ਹਰਦੀਪ ਕੌਰ, ਜਸਪ੍ਰੀਤ ਕੌਰ, ਅਮਰਜੀਤ ਕੌਰ ਦੁਗਲਵਾਲਾ ਨੇ ਵੀ ਸੰਬੋਧਨ ਕੀਤਾ|
ਆਰਡੀਨੈਂਸ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਪੰਜਾਬੀ: ਰੁਪਿੰਦਰ ਮਾੜੀਮੇਘਾ
ਧਰਨੇ ਨੂੰ ਸੰਬੋਧਨ ਕਰਦੇ ਹੋਏ ਰੁਪਿੰਦਰ ਕੌਰ ਮਾੜੀਮੇਘਾ। ਜੰਡਿਆਲਾ ਗੁਰੂ: ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 24 ਸਤੰਬਰ ਤੋਂ ਚੱਲ ਰਹੇ ‘ਰੇਲ ਰੋਕੋ’ ਪ੍ਰੋਗਰਾਮ ਅਧੀਨ ਅੱਜ ਵੱਡੀ ਗਿਣਤੀ ਔਰਤਾਂ ਨੇ ਦੇਵੀਦਾਸਪੁਰਾ ਵਿੱਚ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਲਾਏ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਮੀਤ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਿਹਾ ਕਿ ਖੇਤੀ ਬਿੱਲਾਂ ਨਾਲ ਦੇਸ਼ ਦੇ ਲੋਕ ਅਤਿ ਦੇ ਗਰੀਬ ਤੇ ਬੇਰੁਜ਼ਗਾਰ ਹੋ ਜਾਣਗੇ। ਨਿੱਜੀ ਕੰਪਨੀਆਂ ਵੱਡੇ ਪੱਧਰ ’ਤੇ ਅਨਾਜ ਖਰੀਦ ਕੇ ਜਮ੍ਹਾਂਖੋਰੀ ਕਰਨਗੀਆਂ ਅਤੇ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਭਾਅ ਲਾ ਕੇ ਲੋਕਾਂ ਨੂੰ ਲੁੱਟਣਗੀਆਂ। ਸਰਕਾਰੀ ਖਰੀਦ ਬਿਲਕੁਲ ਬੰਦ ਹੋ ਜਾਵੇਗੀ, ਜਿਸ ਦਾ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਬਿੱਲ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਕਿਸਾਨ ਸੰਘਰਸ਼ਾਂ ’ਚ ਲੰਗਰ ਮੁਹੱਈਆ ਕਰਵਾਏਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਵੱਲੋਂ ਆਰੰਭੇ ਗਏ ਸੰਘਰਸ਼ ਵਿਚ ਹਰ ਪੱਧਰ ’ਤੇ ਸ਼੍ਰੋਮਣੀ ਕਮੇਟੀ ਸਾਥ ਦੇਵੇਗੀ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਨਾਲ ਕਿਸਾਨਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਬੰਦ ਸਮੇਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਬੰਦ ਰੱਖੇ ਗਏ ਸਨ ਤੇ ਅੱਗੋਂ ਵੀ ਕਿਸਾਨਾਂ ਦੀ ਹਮਾਇਤ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਿਆਂ ਤੋਂ ਕਿਸਾਨ ਧਰਨਿਆਂ ’ਚ ਲੰਗਰ ਭੇਜਿਆ ਜਾਵੇਗਾ। ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਹੈ, ਸਗੋਂ ਹਰ ਵਰਗ ਦੀ ਹੈ। ਕਿਉਂਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਦੇਸ਼ ਦਾ ਹਰ ਬਾਸ਼ਿੰਦਾ ਸਿੱਧੇ-ਅਸਿੱਧੇ ਤਰੀਕੇ ਨਾਲ ਕਿਸਾਨੀ ਨਾਲ ਜੁੜਿਆ ਹੋਇਆ ਹੈ।