ਲਖਵੀਰ ਸਿੰਘ ਚੀਮਾ
ਟੱਲੇਵਾਲ, 3 ਦਸੰਬਰ
ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਨ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਪੱਕੇ ਮੋਰਚੇ ਲਗਾਏ ਗਏ ਹਨ, ਕਿਸਾਨਾਂ ਦੇ ਹੱਕ ’ਚ ਹਰ ਵਰਗ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ।
ਕਿਸਾਨੀ ਸੰਘਰਸ਼ ’ਚ ਗੂੰਜ ਰਹੇ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਨੂੰ ਪਿੰਡ ਭੋਤਨਾ ਦੇ ਮਜ਼ਦੂਰਾਂ ਵੱਲੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਭੋਤਨਾ ਦੇ ਮਜ਼ਦੂਰਾਂ ਨੇ ਦਿੱਲੀ ਸੰਘਰਸ਼ ਕਰਨ ਗਏ ਕਿਸਾਨਾਂ ਦੇ ਘਰੇਲੂ ਅਤੇ ਖੇਤੀ ਕੰਮ ਬਿਨਾਂ ਮਜ਼ਦੂਰੀ ਦੇ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਪਿੰਡ ਦੇ ਮਜ਼ਦੂਰਾਂ ਦਾ ਇਕੱਠ ਰਵਿਦਾਸ ਭਗਤ ਧਰਮਸ਼ਾਲਾ ਵਿੱਚ ਸੱਦਿਆ ਗਿਆ, ਜਿਸ ਉਪਰੰਤ ਕਿਸਾਨਾਂ ਲਈ ਹਿੱਕ ਡਾਹ ਕੇ ਮਦਦ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਫ਼ੌਜੀ ਅਤੇ ਸੁਖਦੇਵ ਸਿੰਘ ਭੋਤਨਾ ਨੇ ਦੱਸਿਆ ਕਿ ਪਹਿਲੇ ਹੀ ਦਿਨ ਤੋਂ ਪਿੰਡ ਦਾ ਮਜ਼ਦੂਰ ਵਰਗ ਇਸ ਘੋਲ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ੍ਹਦਾ ਆ ਰਿਹਾ ਹੈ। ਸੂਬੇ ਵਿੱਚ 2 ਮਹੀਨਿਆਂ ਤੋਂ ਚੱਲ ਰਹੇ ਧਰਨਿਆਂ ਵਿੱਚ ਮਜ਼ਦੂਰਾਂ ਦੀ ਨਿਰੰਤਰ ਹਾਜ਼ਰੀ ਜਾਰੀ ਹੈ। ਉਥੇ ਅੱਜ ਕਿਸਾਨ-ਮਜ਼ਦੂਰ ਦੀ ਸਾਂਝ ਨੂੰ ਹੋਰ ਪੱਕਾ ਕੀਤਾ ਹੈ, ਜੋ ਕਿਸਾਨ ਮੋਦੀ ਹਕੂਮਤ ਵੱਲੋਂ ਬਣਾਏ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਮੋਰਚਾ ਲਗਾ ਕੇ ਬੈਠੇ ਹਨ, ਉਨ੍ਹਾਂ ਦੇ ਖੇਤ ’ਚ ਫ਼ਸਲਾਂ ਨੂੰ ਪਾਣੀ ਲਗਾਉਣ, ਖਾਦ ਪਾਉਣ ਜਾਂ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਦਾ ਕੰਮ ਪਿੰਡ ਦੇ ਮਜ਼ਦੂਰ ਕਰਨਗੇ। ਇਸ ਲਈ ਕਿਸੇ ਵੀ ਕਿਸਾਨ ਤੋਂ ਕੋਈ ਮਿਹਨਤਾਨਾ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਆਪਣੇ ਕੰਮਾਂ ਦੀ ਚਿੰਤਾ ਛੱਡ ਕੇ ਮੋਰਚਾ ਸੰਭਾਲਣ ਅਤੇ ਕਾਲੇ ਕਾਨੂੰਨਾਂ ਵਿਰੁੱਧ ਫ਼ਤਹਿ ਪਾਉਣ। ਇੱਥੇ ਮਜ਼ਦੂਰ ਉਨ੍ਹਾਂ ਦੇ ਕੰਮ ਸੰਭਾਲਣਗੇ।
ਇਸ ਮੌਕੇ ਸਵਰਨ ਸਿੰਘ, ਬਲਜੀਤ ਸਿੰਘ, ਭੂਰਾ ਸਿੰਘ, ਜੱਗਾ ਸਿੰਘ, ਗੁਰਮੇਲ ਸਿੰਘ, ਮੇਲਾ ਸਿੰਘ, ਬੰਤ ਸਿੰਘ, ਬੱਬੂ ਸਿੰਘ, ਕੇਵਲ ਸਿੰਘ, ਮਨਜੀਤ ਸਿੰਘ, ਪਿਅਰਾ ਸਿੰਘ, ਜਗਤਾਰ ਸਿੰਘ ਤਾਰੀ, ਪਿਸ਼ੌਰਾ ਸਿੰਘ, ਜੱਗਾ ਸਿੰਘ, ਕਰਨੈਲ ਸਿੰਘ, ਬਾਬੂ ਸਿੰਘ, ਗੁਰਲਾਲ ਸਿੰਘ ਲਾਲੋ ਅਤੇ ਬੇਅੰਤ ਸਿੰਘ ਹਾਜ਼ਰ ਸਨ।