ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 6 ਜੂਨ
ਆਦਮਪੁਰ ਪੁਲੀਸ ਨੇ ਅੱਜ ਇੱਕ ਲੜਕੇ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਪਿਸ਼ਾਬ ਪਿਲਾਉਣ ਦੇ ਦੋਸ਼ ਹੇਠ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਤਲਵੰਡੀ ਅਰਾਈਆਂ ਵਿਚ ਰਹਿੰਦੇ ਸ਼ੇਰ ਅਲੀ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਂਝੇ ਦੇ ਇੱਕ ਗੁੱਜਰ ਪਰਿਵਾਰ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਪਰ ਲੜਕੀ ਦੇ ਪਿਤਾ ਨੇ ਲੜਕੀ ਦੀ ਮਰਜ਼ੀ ਖ਼ਿਲਾਫ਼ ਉਸ ਦਾ ਵਿਆਹ ਕਰ ਦਿੱਤਾ। ਲੜਕੀ ਦੀ ਸਹੁਰੇ ਪਰਿਵਾਰ ਨਾਲ ਨਾ ਬਣਨ ਕਾਰਨ ਗੁੱਜਰ ਭਾਈਚਾਰੇ ਦੇ ਮੋਹਤਬਰਾਂ ਨੇ ਲੜਕੀ ਦਾ ਪੰਚਾਇਤੀ ਤਲਾਕ ਕਰਵਾ ਦਿੱਤਾ। ਸ਼ੇਰ ਅਲੀ ਨੇ ਦੱਸਿਆ ਕਿ ਤਿੰਨ ਜੂਨ ਨੂੰ ਉਸ ਦਾ ਲੜਕਾ ਰਾਂਝਾ ਦੁੱਧ ਦੇਣ ਲਈ ਜਾ ਰਿਹਾ ਸੀ ਤਾਂ ਜੰਡੂ ਸਿੰਘਾ ਨੇੜੇ ਕੁੱਝ ਵਿਅਕਤੀ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਬੁਢਿਆਣਾ ਸਥਿਤ ਇੱਕ ਗੁੱਜਰਾਂ ਦੇ ਡੇਰੇ ’ਤੇ ਲੈ ਗਏ। ਉੱਥੇ ਉਨ੍ਹਾਂ ਨੇ ਕੁੱਝ ਹੋਰ ਵਿਅਕਤੀਆਂ ਨਾਲ ਰਲ ਕੇ ਰਾਂਝੇ ਦੀ ਕੁੱਟਮਾਰ ਕਰਦਿਆਂ, ਅਪਸ਼ਬਦ ਬੋਲਦਿਆਂ ਅਤੇ ਉਸ ਨੂੰ ਪਿਸ਼ਾਬ ਪਿਲਾਉਂਦਿਆਂ ਦੀ ਵੀਡੀਓ ਵਾਇਰਲ ਕਰ ਦਿੱਤੀ।
ਜਦੋਂ ਇਸ ਬਾਰੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹ ਬੁਢਿਆਣਾ ਜਾ ਕੇ ਲੜਕੇ ਨੂੰ ਛੁਡਾ ਲਿਆਏ। ਇਸ ਤੋਂ ਬਾਅਦ ਉਨ੍ਹਾਂ ਆਦਮਪੁਰ ਪੁਲੀਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਭੀ, ਸੇਫੂ, ਸ਼ਫੀ, ਲਾਲੂ, ਗੁਲਾਮ, ਕਾਊ, ਕਾਲੀ, ਨਜ਼ੀਰ, ਬਾਂਟੀ ਅਤੇ ਤਿੰਨ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਜਲਦੀ ਹੀ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।