ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 3 ਅਕਤੂਬਰ
ਇੱਥੇ ਥਾਣਾ ਧਾਰੀਵਾਲ ਵਿੱਚ ਸੰਤਰੀ ਦੀ ਡਿਊਟੀ ਦੇ ਰਹੇ ਇਕ ਹੋਮਗਾਰਡ ਦੇ ਮੁਲਾਜ਼ਮ ਕੋਲੋਂ ਅੱਜ ਇਕ ਨੌਜਵਾਨ ਐੱਸਐੱਲਆਰ (ਰਾਈਫਲ) ਮੈਗਜ਼ੀਨ ਤੇ ਕਾਰਤੂਸਾਂ ਸਣੇ ਖੋਹ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲੀਸ ਨੂੰ ਭਾਜੜਾਂ ਪੈ ਗਈਆਂ।
ਥਾਣਾ ਧਾਰੀਵਾਲ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਕਾਰ ਵਿੱਚ ਆਏ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਗੁਰਦਾਸ ਨੰਗਲ ਨੇ ਥਾਣਾ ਧਾਰੀਵਾਲ ਵਿੱਚ ਆ ਕੇ ਸਵੇਰੇ ਲਗਪਗ ਸਾਢੇ ਅੱਠ ਵਜੇ ਗੇਟ ’ਤੇ ਸੰਤਰੀ ਦੀ ਡਿਊਟੀ ਦੇ ਰਹੇ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨੂੰ ਗੱਲਾਂ ਵਿਚ ਉਲਝਾ ਲਿਆ ਤੇ ਉਸ ਕੋਲੋਂ ਰਾਈਫਲ ਖੋਹ ਕੇ ਫਰਾਰ ਹੋ ਗਿਆ। ਉਕਤ ਨੌਜਵਾਨ ਨੇ ਇਸ ਮਗਰੋਂ ਖੁਦ ਫੇਸਬੁੱਕ ’ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਉਸ ਨੇ ਪੁਲੀਸ ਤੋਂ ਤੰਗ ਆ ਕੇ ਇਹ ਕੰਮ ਕੀਤਾ ਹੈ। ਇਸ ਘਟਨਾ ਦੀ ਲਾਈਵ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਫੈਲ ਗਈ। ਇਸ ਨੌਜਵਾਨ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਨੇ ਉਸ ਦੇ ਘਰ ਉੱਪਰ ਹਮਲਾ ਕੀਤਾ ਸੀ, ਜਿਸ ਸਬੰਧੀ ਥਾਣਾ ਧਾਰੀਵਾਲ ਵਿੱਚ ਗੇੜੇ ਮਾਰਨ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਥਿਤ ਤੌਰ ’ਤੇ ਉਸ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਸ ’ਤੇ ਵੀ ਪਰਚਾ ਦਰਜ ਹੋ ਸਕਦਾ ਹੈ। ਇਸ ਕਰ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਉਹ ਹੁਣ ਐੱਸਐੱਲਆਰ ਨਾਲ ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਵੇਗਾ।
ਪੁਲੀਸ ਨੇ ਉਕਤ ਨੌਜਵਾਨ ਦੀ ਲਾਈਵ ਲੋਕੇਸ਼ਨ ਦੇ ਆਧਾਰ ’ਤੇ ਪਿੰਡ ਕੋਟ ਧੰਦਲ ਦੇ ਬਾਹਰਵਾਰ ਉਸ ਦੇ ਕਿਸੇ ਜਾਣਕਾਰ ਦੇ ਟਿਊਬਵੈੱਲ ’ਤੇ ਬਣੇ ਕਮਰੇ ਵਿੱਚੋਂ ਨੌਜਵਾਨ ਨੂੰ ਐੱਸਐੱਲਆਰ (ਰਾਈਫਲ) ਤੇ ਮੈਗਜ਼ੀਨ ਸਣੇ ਕਾਬੂ ਕਰ ਲਿਆ ਹੈ।