ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਦਸੰਬਰ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਲਈ ਪਿੰਡ ਰਸੂਲਪੁਰ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨਾਂ ਦਾ ਜਥਾ ਅੱਜ ਮੋਟਰਸਾਈਕਲਾਂ ’ਤੇ ਦਿੱਲੀ ਲਈ ਰਵਾਨਾ ਹੋਇਆ। ਦਿੱਲੀ ਜਾਣ ਸਮੇਂ ਨੌਜਵਾਨਾਂ ਨੂੰ ਘਰਾਂ ਦੀਆਂ ਸੁਆਣੀਆਂ ਨੇ ਅਸੀਸਾਂ ਦਿੱਤੀਆਂ ਅਤੇ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਰੇਲਵੇ ਸਟੇਸ਼ਨ ਧਰਨੇ ’ਤੇ ਮਨੁੱਖੀ ਅਧਿਕਾਰ ਦਿਵਸ ਮਨਾਉਂਦਿਆਂ ਕਿਸਾਨਾਂ ਨੇ ਮਨੁੱਖੀ ਹੱਕਾਂ ਦੀ ਆਵਾਜ਼ ਉਠਾਈ। ਧਰਨੇ ਨੂੰ ਹਰਚੰਦ ਸਿੰਘ ਢੋਲਣ, ਕੰਵਲਜੀਤ ਖੰਨਾ, ਜਗਦੀਸ਼ ਸਿੰਘ, ਧਰਮ ਸਿੰਘ ਸ਼ੂਜਾਪੁਰ, ਹਰਬੰਸ ਅਖਾੜਾ ਅਤੇ ਡਾ.ਸਾਧੂ ਸਿੰਘ ਨੇ ਇੱਕ ਸੁਰ ਹੁੰਦਿਆਂ ਭਾਰਤ ਦੇਸ਼ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਕੇਂਦਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਚੌਕੀਮਾਨ ਟੌਲ ’ਤੇ ਵੀ ਇਲਾਕੇ ਭਰ ਦੇ ਪਿੰਡਾਂ ’ਚੋਂ ਵੱਡੀ ਗਿਣਤੀ ’ਚ ਲੋਕ ਪੁੱਜੇ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਸਮਰਾਲਾ: ਪੰਜਾਬ ਰਾਜ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਅਤੇ ਸਾਥੀਆਂ ਨੂੰ ਦਿੱਲੀ ਵਿੱਚ ਚੱਲ ਰਹੇ ਧਰਨੇ ਵਿੱਚ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਭੱਖਦੇ ਮਸਲੇ ਜਿਵੇਂ ਕਿ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਕੈਸ਼ ਲੈੱਸ ਇਲਾਜ ਸਕੀਮ ਚਾਲੂ ਕਰਨਾ ਅਤੇ ਪੈਨਸ਼ਨਰਜ਼ ਨੂੰ ਬਿਜਲੀ ਵਰਤੋਂ ਦੀ ਰਿਆਇਤ ਦੇਣਾ ਆਦਿ ’ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਮਹਿਕਮੇਂ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ। ਸਕਿੰਦਰ ਸਿੰਘ ਨੇ ਕਿਹਾ ਕਿ ਮੈਨੇਜਮੈਂਟ/ਸਰਕਾਰ ਨੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੈਨੇਜਮੈਂਟ/ਸਰਕਾਰ ਵਿਰੁੱਧ ਰਾਜ ਪੱਧਰੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਮੀਟਿੰਗ ਵਿੱਚ ਇੰਜ. ਪ੍ਰੇਮ ਸਿੰਘ ਸਾਬਕਾ ਐੱਸ.ਡੀ.ਓ., ਇੰਜ. ਜੁਗਲ ਕਿਸ਼ੋਰ ਸਾਹਨੀ, ਰਾਜਿੰਦਰਪਾਲ ਵਡੇਰਾ ਸਾਬਕਾ ਡਿਪਟੀ ਸੀ.ਏ.ਓ., ਦਰਸ਼ਨ ਸਿੰਘ ਜੇਈ, ਪ੍ਰੇਮ ਕੁਮਾਰ ਸਰਕਲ ਆਗੂ, ਜਥੇਦਾਰ ਕੁਲਵੰਤ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ, ਰਾਮ ਸਰੂਪ ਸੱਭਰਵਾਲ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਸੰਘਰਸ਼ ਵਿੱਚ ਤਰਕਸ਼ੀਲਾਂ ਦੇ ਕਾਫਲੇ ਭਲਕੇ ਕਰਨਗੇ ਸ਼ਿਰਕਤ
ਲੁਧਿਆਣਾ (ਸਤਵਿੰਦਰ ਬਸਰਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਭਰ ’ਚੋਂ ਤਰਕਸ਼ੀਲਾਂ ਦੇ ਕਾਫ਼ਲੇ 12 ਦਸੰਬਰ ਨੂੰ ਸਵੇਰੇ 10 ਵਜੇ ਬਹਾਦਰਗੜ੍ਹ ਵਾਲੇ ਕਿਸਾਨ ਮੋਰਚੇ ’ਤੇ ਇਕੱਠੇ ਹੋ ਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾਉਣਗੇ। ਤਰਕਸ਼ੀਲ ਸੁਸਾਇਟੀ ਦੇ ਜ਼ੋਨ ਲੁਧਿਆਣਾ ਜਥੇਬੰਦਕ ਮੁਖੀ ਜਸਵੰਤ ਜੀਰਖ ਨੇ ਦੱਸਿਆ ਕਿ ਲੁਧਿਆਣਾ ਜ਼ੋਨ ਵਿੱਚ ਪੈਂਦੀਆਂ ਤਰਕਸ਼ੀਲ ਇਕਾਈਆਂ ਜਗਰਾਉਂ, ਕੋਹਾੜਾ, ਮਾਲੇਰਕੋਟਲਾ, ਜਰਗ, ਖੰਨਾ, ਲੁਧਿਆਣਾ ਆਦਿ ਦੇ ਕਾਰਕੁਨਾਂ ਵਿੱਚ ਦਿੱਲੀ ਜਾਣ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੰਘਰਸ਼ ਤੇਜ਼ ਕਰਨ ਲਈ ਹੋਰ ਜਥੇ ਦਿੱਲੀ ਕੂਚ ਕਰਨਗੇ: ਖੀਰਨੀਆਂ
ਸਮਰਾਲਾ (ਡੀਪੀਐੱਸ ਬਤਰਾ): ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚੇ ’ਚ ਇਸ ਇਲਾਕੇ ਤੋਂ ਗਏ ਪਹਿਲੇ ਕਿਸਾਨ ਜਥੇ ਦੀ ਅਗਵਾਈ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਤੋਂ ਕਿਸਾਨਾਂ ਦੇ ਕਈ ਹੋਰ ਜਥੇ ਦਿੱਲੀ ਰਵਾਨਾ ਹੋ ਰਹੇ ਹਨ। ਖੀਰਨੀਆਂ ਜੋ ਕਿ ਲਗਾਤਾਰ 15 ਦਿਨਾਂ ਤੋਂ ਦਿੱਲੀ ਮੋਰਚੇ ’ਚ ਆਪਣੇ ਜਥੇ ਦੀ ਅਗਵਾਈ ਕਰ ਰਹੇ ਹਨ, ਨੇ ਅੱਜ ਆਪਣੇ ਦੋ ਦਿਨਾਂ ਪੰਜਾਬ ਦੌਰੇ ਦੌਰਾਨ ਮੀਟਿੰਗਾਂ ਕਰਦੇ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਮੋਰਚੇ ਲਈ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ।