ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਾਰਚ
ਪੰਜਾਬ ਸਰਕਾਰ ਦੀ ਵਾਹਨਾਂ ’ਤੇ ਟੈਕਸ ਵਧਾਉਣ ਸਬੰਧੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ। ਜੋ ਦਰਾਂ 12 ਫਰਵਰੀ, 2021 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਜਾਰੀ ਕੀਤੀਆਂ ਗਈਆਂ ਸਨ, ਸੂਬੇ ਵਿੱਚ ਉਹ ਹੀ ਲਾਗੂ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ‘ਦਿ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ (ਸੋਧ) ਬਿੱਲ 2021’ ਪਾਸ ਕੀਤਾ ਗਿਆ ਹੈ, ਜਿਸ ਅਨੁਸਾਰ ਪੰਜਾਬ ਸਰਕਾਰ ਹੁਣ ਆਪਣੇ ਪੱਧਰ ’ਤੇ ਫੀਸਾਂ ਵਧਾ ਜਾਂ ਘਟਾ ਸਕਦੀ ਹੈ। ਬਿੱਲ ਅਨੁਸਾਰ ਫੀਸਾਂ ਵਧਾਉਣ ਦੀ ਵੱਧ ਤੋਂ ਵੱਧ ਦਰ ਤੈਅ ਕਰ ਦਿੱਤੀ ਗਈ ਹੈ, ਜਿਸ ਦਾ ਜ਼ਿਕਰ ਉਸ ਬਿੱਲ ਵਿੱਚ ਕੀਤਾ ਗਿਆ ਹੈ, ਨਾ ਕਿ ਇਹ ਫੀਸ ਲਾਗੂ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਮੇਂ ਨਿੱਜੀ ਵਾਹਨਾਂ ਦੀ ਕੀਮਤ ਦੇ ਹਿਸਾਬ ਨਾਲ ਟੈਕਸ ਦਰ 7 ਤੋਂ 11 ਫੀਸਦੀ ਹੈ ਅਤੇ ਇਸ ਵਿਚ ਕੋਈ ਵਾਧਾ ਨਾ ਤਾਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਤਜਵੀਜ਼ ਹੈ।