ਚੰਡੀਗੜ੍ਹ, 27 ਅਗਸਤ
ਜ਼ਿਆਦਾਤਰ ਬੱਚੇ ਜਿਸ ਉਮਰੇ ਆਪਣਾ ਸਮਾਂ ਆਲਸ ’ਚ ਗੁਆ ਦਿੰਦੇ ਹਨ, ਉਸ ਉਮਰ ਵਿੱਚ ਅੱਠ ਸਾਲਾ ਸਾਨਵੀ ਸੂਦ ਪਹਾੜਾਂ ਦੀਆਂ ਚੋਟੀਆਂ ਸਰ ਕਰਕੇ ਦੇਸ਼ ਤੇ ਸੂਬੇ ਦਾ ਨਾਮ ਚਮਕਾ ਰਹੀ ਹੈ। ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਸਾਨਵੀ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਵੀ ਤਿਰੰਗਾ ਲਹਿਰਾ ਚੁੱਕੀ ਹੈ। ਉਸ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਉਸ ਨੇ ਸੱਤ ਸਾਲ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ ਅਤੇ ਉਹ ਅਜਿਹਾ ਕਰਨ ਵਾਲੀ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ। ਉਨ੍ਹਾਂ ਦੱਸਿਆ ਕਿ ਸਾਨਵੀ ਨੇ ਪਿਛਲੇ ਸਾਲ ਜੁਲਾਈ ਵਿੱਚ 5,895 ਮੀਟਰ ਦੀ ਉਚਾਈ ’ਤੇ ਸਥਿਤ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕੀਤਾ ਸੀ। ਉਸ ਵੇਲੇ ਉਹ ਕਿਲੀਮੰਜਾਰੋ ’ਤੇ ਚੜ੍ਹਨ ਵਾਲੀ ਏਸ਼ੀਆ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਬਣੀ ਸੀ।
ਸਾਨਵੀ ਦੀ ਪਹਾੜਾਂ ’ਤੇ ਚੜ੍ਹਨ ਦੀ ਇੱਛਾ ਇਸ ਸਾਲ ਵੀ ਜਾਰੀ ਰਹੀ। ਉਸ ਨੇ ਮਈ ਮਹੀਨੇ ਆਸਟਰੇਲੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੌਸਗੁਜ਼ਕੋ (2,228 ਮੀਟਰ) ਅਤੇ ਜੁਲਾਈ ਮਹੀਨੇ ਰੂਸ ’ਚ ਮਾਊਂਟ ਐਲਬਰੱਸ (5,642 ਮੀਟਰ) ਨੂੰ ਸਰ ਕੀਤਾ। ਉਸ ਨੇ ਇਹ ਪ੍ਰਾਪਤੀ ਵੀ ਸਭ ਤੋਂ ਘੱਟ ਉਮਰ ਦੀ ਲੜਕੀ ਦੇ ਰੂਪ ਵਿੱਚ ਹਾਸਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸਾਨਵੀ ਨੂੰ ਆਜ਼ਾਦੀ ਦਿਹਾੜੇ ਮੌਕੇ ਸਟੇਟ ਐਵਾਰਡ ਨਾਲ ਨਿਵਾਜਿਆ ਸੀ। ਜਾਣਕਾਰੀ ਅਨੁਸਾਰ ਸਾਨਵੀ ਦੇ ਪਿਤਾ ਸਿਵਲ ਠੇਕੇਦਾਰ ਹਨ, ਜਿਨ੍ਹਾਂ ਦਾ ਕੰਮ ਜ਼ਿਆਦਾਤਰ ਪਹਾੜੀ ਖੇਤਰਾਂ ’ਚ ਪ੍ਰਾਜੈਕਟਾਂ ਲਈ ਮਿੱਟੀ ਦੀ ਜਾਂਚ ਨਾਲ ਸਬੰਧਤ ਹੈ। ਪਰਬਤਾਰੋਹੀ ਨੇ ਦੱਸਿਆ ਕਿ ਪਹਾੜਾਂ ’ਤੇ ਚੜ੍ਹਨ ਲਈ ਉਸ ਦੇ ਪਿਤਾ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਪਹਾੜੀ ਖੇਤਰਾਂ ਵਿੱਚ ਆਪਣੇ ਪਿਤਾ ਦੇ ਕੰਮ ਵਾਲੀਆਂ ਥਾਵਾਂ ’ਤੇ ਜਾਇਆ ਕਰਦੀ ਸੀ, ਜਿਸ ਨਾਲ ਉਸ ਨੂੰ ਟਰੈਕਿੰਗ ਦੀ ਆਦਤ ਪਈ। -ਪੀਟੀਆਈ
ਸਾਨਵੀ ਪੜ੍ਹਾਈ ’ਤੇ ਵੀ ਦਿੰਦੀ ਹੈ ਪੂਰਾ ਧਿਆਨ
ਸਾਨਵੀ ਪਹਾੜਾਂ ’ਤੇ ਚੜ੍ਹਨ ਵਰਗੇ ਚੁਣੌਤੀਪੂਰਨ ਕੰਮ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਪੜ੍ਹਾਈ ’ਤੇ ਵੀ ਪੂਰਾ ਧਿਆਨ ਦਿੰਦੀ ਹੈ। ਸਾਨਵੀ ਦੀ ਮਾਤਾ ਉਸ ਦੀ ਪੜ੍ਹਾਈ ਵਿੱਚ ਮਦਦ ਕਰਦੀ ਹੈ। ਉਸ ਦੇ ਅਧਿਆਪਕ ਵੀ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਦੀ ਸ਼ਲਾਘਾ ਕਰਦੇ ਹਨ।