ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਮਈ
ਇਸ ਖੇਤਰ ਵਿੱਚ ਪਿਛਲੇ ਇਕ ਮਹੀਨੇ ਤੋਂ ਨਹਿਰੀ ਪਾਣੀ ਦਾ ਕਾਲ ਪਿਆ ਹੋਇਆ ਹੈ। ਪਹਿਲਾਂ ਤਾਂ ਸਰਹਿੰਦ ਫੀਡਰ ਨਹਿਰ ਮਹੀਨੇ ’ਚ ਦੋ ਵਾਰ ਟੁੱਟਣ ਕਰ ਕੇ ਪਾਣੀ ਦੀ ਬੰਦੀ ਰਹੀ। ਹੁਣ ਸਰਹਿੰਦ ਫੀਡਰ ਨਹਿਰ ਦਾ ਪਾਣੀ ਪੀਣ ਯੋਗ ਨਾ ਹੋਣ ਕਰ ਕੇ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਮੁਕਤਸਰ ਖੇਤਰ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ। ਜਨ ਸਿਹਤ ਵਿਭਾਗ ਦੇ ਸੈਂਪਲਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਨਮੂਨੇ ਫੇਲ੍ਹ ਹੋਣ ਕਰ ਕੇ ਇਸ ਪਾਣੀ ਨੂੰ ਵਰਤਣ ਦੀ ਮਨਾਹੀ ਕੀਤੀ ਹੋਈ ਹੈ। ਕਾਰਜਕਾਰੀ ਇੰਜਨੀਅਰ ਹਰੀਕੇ ਨਹਿਰ ਮੰਡਲ ਤੇ ਮੁੱਖ ਇੰਜਨੀਅਰ, ਜਲ ਸਰੋਤ ਵਿਭਾਗ ਪੰਜਾਬ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਰਾਜਸਥਾਨ ਰਾਜ ਵੱਲੋਂ ਕਰਵਾਈ ਸੈਂਪਲਿੰਗ ਦੇ ਨਤੀਜਿਆਂ ਤੋਂ ਇਹ ਪਤਾ ਲੱਗਿਆ ਹੈ ਮੌਜੂਦਾ ਸਥਿਤੀ ਵਿੱਚ ਹਰੀਕੇ ਹੈਡਵਰਕ ਦੇ ਪਾਣੀ ਨੂੰ ਸਿੰਜਾਈ ਲਈ ਹੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨਹਿਰੀ ਪਾਣੀ ਨੂੰ ਪੀਣ ਲਈ ਨਾ ਵਰਤਣ ਦੀ ਸਲਾਹ ਦਿੱਤੀ ਹੈ। ਇੱਥੋਂ ਦੇ ਵਾਸੀਆਂ ਨੇ ਦੱਸਿਆ ਕਿ ਉਹ ਪੀਣ ਤੇ ਨਹਾਉਣ ਲਈ ਵੀ ਮੁੱਲ ਦਾ ਪਾਣੀ ਲੈਣ ਲਈ ਮਜਬੂਰ ਹਨ। ਇਸ ਵੇਲੇ ਪਾਣੀ ਦਾ ਟੈਂਕਰ ਦੋ ਹਜ਼ਾਰ ਰੁਪਏ ਤੱਕ ਮਿਲਦਾ ਹੈ। ਕੋਟਕਪੂਰਾ ਰੋਡ ’ਤੇ ਜਗਦੇਵ ਹੋਟਲ ਕੰਪਲੈਕਸ ਦੇ ਮਾਲਕ ਜਗਦੇਵ ਸਿੰਘ ਨੇ ਦੱਸਿਆ ਕਿ ਜਲਘਰ ਵੱਲੋਂ ਸਪਲਾਈ ਕੀਤਾ ਜਾਂਦਾ ਪਾਣੀ ਸਿਰਫ਼ ਨਹਾਉਣ ਤੇ ਧੋਣ ਦੇ ਕੰਮ ਹੀ ਆਉਂਦਾ ਹੈ ਪਰ ਇਹ ਪਾਣੀ ਵੀ ਕਈ ਦਿਨਾਂ ਤੋਂ ਨਹੀਂ ਆ ਰਿਹਾ।ਜੇ ਪਾਣੀ ਆਉਂਦਾ ਹੈ ਤਾਂ ਉਸ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੁੰਦਾ ਹੈ। ਤਿਲਕ ਨਗਰ ਦੇ ਕਾਮਰੇਡ ਖਰੈਤੀ ਲਾਲ ਨੇ ਦੱਸਿਆ ਕਿ ਸਮੱਸਿਆ ਕਾਰਨ ਜਲਘਰ ਦੇ ਪਾਣੀ ਦੇ ਕੁਨੈਕਸ਼ਨ ਕਟਾ ਦਿੱਤੇ ਹਨ ਪਰ ਬਿੱਲ ਅਜੇ ਵੀ ਆ ਰਿਹਾ ਹੈ।
ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਮਨਦੀਪ ਸਿੰਘ ਭੱਠਲ ਨੇ ਦੱਸਿਆ ਕਿ ਪਾਣੀ ਦੀ ਨਿਰਵਿਘਨ ਸਪਲਾਈ ਲਈ 28 ਕਰੋੜ ਰੁਪਏ ਦਾ ਪ੍ਰਾਜੈਕਟ ਚੱਲ ਰਿਹਾ ਹੈ ਜਿਸ ਵਾਸਤੇ ਥਾਂਦੇਵਾਲਾ ਹੈੱਡ ਤੋਂ ਪਾਣੀ ਦੀ ਸਿੱਧੀ ਸਪਲਾਈ ਜਲ ਘਰ ਤੱਕ ਲਿਆਂਦੀ ਗਈ ਹੈ ਪਰ ਥਾਂਦੇਵਾਲਾ ਹੈੱਡ ਤੋਂ ਮੋਘੇ ਵਾਸਤੇ ਕੇਸ ਅਪਲਾਈ ਕੀਤੇ ਨੂੰ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਮੋਘੇ ਦੀ ਮਨਜ਼ੂਰੀ ਨਹੀਂ ਮਿਲੀ। ਜਲ ਸਰੋਤ ਵਿਭਾਗ ਵੱਲੋਂ ਜਾਰੀ ਐਡਵਾਇਜ਼ਰੀ ਅਨੁਸਾਰ ਨਹਿਰੀ ਪਾਣੀ ਦੀ ਸਪਲਾਈ ਬੰਦ ਹੈ।
ਨਹਿਰੀ ਪਾਣੀ ਪੂਰਾ ਨਾ ਮਿਲਣ ਕਾਰਨ ਕਿਸਾਨ ਨੇ ਕਿੰਨੂ ਦਾ ਬਾਗ ਪੁੱਟਿਆ
ਅਬੋਹਰ (ਪੱਤਰ ਪ੍ਰੇਰਕ): ਪਿੰਡ ਪੰਜਾਵਾ ਦੇ ਇੱਕ ਕਿਸਾਨ ਨੇ ਨਹਿਰੀ ਪਾਣੀ ਦੀ ਘਾਟ ਕਾਰਨ ਤਿੰਨ ਕਿੱਲਿਆਂ ਵਿੱਚ ਲੱਗੇ ਕਿੰਨੂ ਦੇ ਬਾਗ ਨੂੰ ਪੁੱਟ ਦਿੱਤਾ। ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਉਸ ਨੂੰ ਬਾਗ ਪੁੱਟਣ ਤੋਂ ਰੋਕਿਆ ਤਾਂ ਬਾਗ ਦਾ ਕੁਝ ਹਿੱਸਾ ਬਚ ਗਿਆ। ਬਾਗਬਾਨ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਉਹ ਬਾਗ ਨੂੰ ਸੁੱਕਦਾ ਨਹੀਂ ਦੇਖ ਸਕਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਰੀਬ ਦੋ ਮਹੀਨੇ ਤੱਕ ਬਾਗ਼ ਦੀ ਸਿੰਜਾਈ ਲਈ ਲੋੜੀਂਦਾ ਨਹਿਰੀ ਪਾਣੀ ਨਹੀਂ ਮਿਲਿਆ, ਜਿਸ ਕਾਰਨ ਬਾਗ਼ ਸੁੱਕਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਲਈ ਨਹਿਰੀ ਵਿਭਾਗ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇਸ ਸਬੰਧੀ ਬਾਗਬਾਨੀ ਵਿਭਾਗ ਦੀ ਅਧਿਕਾਰੀ ਰਮਨਦੀਪ ਕੌਰ ਨੇ ਕਿਹਾ ਕਿ ਪਾਣੀ ਦੀ ਘਾਟ ਸਬੰਧੀ ਉਹ ਨਹਿਰੀ ਵਿਭਾਗ ਨੂੰ ਪੱਤਰ ਲਿਖਣਗੇ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਜਲਦੀ ਹੀ ਬਾਗਬਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ।