ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਪੰਜਾਬ ਕਾਂਗਰਸ ਨੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਖਿਲਾਫ਼ ਤੇਵਰ ਤਿੱਖੇ ਕਰ ਲਏ ਹਨ। ਕਾਂਗਰਸ ਮੀਟਿੰਗ ਵਿਚ ਸਾਰੇ ਆਗੂਆਂ ਨੇ ਸਰਬਸੰਮਤੀ ਨਾਲ ਪ੍ਰਨੀਤ ਕੌਰ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਉਠਾਈ ਤੇ ਇਸ ਬਾਰੇ ਪਾਰਟੀ ਹਾਈ ਕਮਾਂਡ ਨੂੰ ਫੌਰੀ ਲਿਖਣ ਬਾਰੇ ਕਿਹਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਕਿਹਾ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਉਹ ਉਪ ਚੋਣਾਂ ਤੋਂ ਡਰਨ ਕਰਕੇ ਅਸਤੀਫਾ ਨਹੀਂ ਦੇ ਰਹੇ ਤੇ ਉਹ ਹੁਣ ਪੂਰੀ ਤਰ੍ਹਾਂ ਭਾਜਪਾ ਦੀ ਵਿਧਾਰਧਾਰਾ ਨਾਲ ਜੁੜ ਚੁੱਕੇ ਹਨ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਫੀ ਸਮਾਂ ਪਹਿਲਾਂ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਸੰਸਦ ਮੈਂਬਰ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਦਿਨ ਪਹਿਲਾਂ ਵੀ ਪ੍ਰਨੀਤ ਕੌਰ ਨੇ ਪਾਰਟੀ ਤੋਂ ਲਾਂਭੇ ਹੋ ਕੇ ਧਰਨਾ ਵੀ ਦਿੱਤਾ ਸੀ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਟਿਆਲਾ ਦਾ ਦੌਰਾ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਖਿਲਾਫ ਆਵਾਜ਼ ਉਠਾਈ ਸੀ।
ਮੀਟਿੰਗ ਵਿਚ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਸਪਸ਼ਟ ਕੀਤਾ ਕਿ ਸੁਖਪਾਲ ਖਹਿਰਾ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਅੰਦਰ ਸਭ ਕੁਝ ਚੱਲਦਾ ਰਹਿੰਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇ ਕੋਈ ਆਗੂ ਆਪਣੀ ਰਾਏ ਰੱਖਣਾ ਚਾਹੁੰਦਾ ਹੈ ਤਾਂ ਉਹ ਪਾਰਟੀ ਦੇ ਅੰਦਰ ਹੀ ਰੱਖੇ। ਇਸੇ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਸੱਚੇ ਹਨ ਤਾਂ ਉਹ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ। ਇਸੇ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵੱਲੋਂ 4 ਸਤੰਬਰ ਨੂੰ ਦਿੱਲੀ ਵਿਚ ਮਹਿੰਗਾਈ ਵਿਰੁੱਧ ਕੀਤੀ ਜਾ ਰਹੀ ਰੈਲੀ ਵਿੱਚ ਪੰਜਾਬ ’ਚੋਂ ਵੱਡੀ ਗਿਣਤੀ ਵਰਕਰ ਸ਼ਮੂਲੀਅਤ ਕਰਨਗੇ। ਇਸ ਸਬੰਧੀ ਕੀਤੀ ਮੀਟਿੰਗ ਵਿਚ ਪਾਰਟੀ ਦੇ ਸੰਸਦ ਮੈਂਬਰ, ਸਾਬਕਾ ਮੰਤਰੀ ਅਤੇ ਮੌਜੂਦਾ ਤੇ ਸਾਬਕਾ ਵਿਧਾਇਕ ਹਾਜ਼ਰ ਸਨ। ਵੜਿੰਗ ਨੇ ਕਿਹਾ ਕਿ ਪੰਜਾਬ ਤੋਂ ਕਾਂਗਰਸੀ ਵਰਕਰ ਉਸੇ ਦਿਨ ਦਿੱਲੀ ਪਹੁੰਚ ਜਾਣਗੇ ਅਤੇ ਉੱਥੇ ਉਹ ਦਿੱਲੀ ਦੇ ਬਾਹਰਵਾਰ ਦੋ ਥਾਵਾਂ ’ਤੇ ਇਕੱਠੇ ਹੋਣਗੇ, ਜਿੱਥੋਂ ਉਹ ਇਕੱਠੇ ਹੋ ਕੇ ਰੈਲੀ ਵਾਲੀ ਥਾਂ ’ਤੇ ਜਾਣਗੇ। ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਅੱਜ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।