ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਪੰਜਾਬ ਵਿੱਚ ਵਕਫ਼ ਬੋਰਡ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਅਤੇ ਮਸਜਿਦਾਂ ਨੂੰ ਆਬਾਦ ਕਰਵਾਉਣ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ। ਇਸ ਲਈ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਜਨਾਬ ਲਾਲ ਹੂਸੈਨ ਨੇ ਘੱਟ ਗਿਣਤੀਆਂ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਲਾਲਪੁਰਾ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਜਨਾਬ ਲਾਲ ਹੂਸੈਨ ਨੇ ਪੰਜਾਬ ਦੇ ਘੱਟ ਗਿਣਤੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਵਕਫ਼ ਬੋਰਡ ਦੀਆਂ ਜ਼ਮੀਨਾਂ ਤੋਂ ਨਾਜਾਇਜ ਕਬਜ਼ੇ ਹਟਾਏ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਘੱਟ ਗਿਣਤੀਆਂ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਹੈ। ਅੱਜ ਪੰਜਾਬ ਦੀਆਂ ਸੈਂਕੜੇ ਮਸਜ਼ਿਦਾਂ ਦੀ ਹਾਲਤ ਖਸਤਾ ਹੋਈ ਪਈ ਹੈ, ਉਨ੍ਹਾਂ ਨੂੰ ਠੀਕ ਕਰਨ ਲਈ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ।