ਚਰਨਜੀਤ ਭੁੱਲਰ
ਚੰਡੀਗੜ੍ਹ, 2 ਜੂਨ
ਕੇਂਦਰ ਸਰਕਾਰ ਵਲੋਂ ਗ੍ਰੀਨਫੀਲਡ ਪ੍ਰੋਜੈਕਟ ਨੂੰ ਸਹਿਮਤੀ ਦੇਣ ਮਗਰੋਂ ਪ੍ਰਾਪਤੀ ਦਾ ਸਿਹਰਾ ਬੰਨ੍ਹਣ ਲਈ ਸਿਆਸੀ ਧਿਰਾਂ ’ਚ ਦੌੜ ਲੱਗ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਕੇ ਐਕਸਪ੍ਰੈੱਸ ਵੇਅ ਨੂੰ ਇਤਿਹਾਸਿਕ ਮਹੱਤਵ ਵਾਲੇ ਸ਼ਹਿਰਾਂ ਨਾਲ ਸੰਪਰਕ ਜੋੜ ਕੇ ਗ੍ਰੀਨਫੀਲਡ ਪ੍ਰੋਜੈਕਟ ਵਿਚ ਤਬਦੀਲ ਕਰਨ ਦੀ ਕੇਂਦਰ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ। ਪੰਜਾਬ ਸਰਕਾਰ ਇਸ ਨੂੰ ਆਪਣੀ ਪਹਿਲ ਦਾ ਨਤੀਜਾ ਦੱਸ ਰਹੀ ਹੈ। ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ ਸੀ। ਕੌਮੀ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਮੁੱਢਲੇ ਪ੍ਰਸਤਾਵ ਮੁਤਾਬਕ ਕਰਤਾਰਪੁਰ ਤੋਂ ਅੰਮ੍ਰਿਤਸਰ ਤੱਕ ਮੌਜੂਦਾ ਜੀ.ਟੀ. ਰੋਡ ਨੂੰ ਬ੍ਰਾਊਨਫੀਲਡ ਪ੍ਰੋਜੈਕਟ ਦੇ ਤੌਰ ’ਤੇ ਚੌੜਾ ਕਰਨਾ ਸੀ, ਜੋ ਮਹਿੰਗਾ ਸੌਦਾ ਸੀ। ਮੁੱਖ ਮੰਤਰੀ ਨੇ ਨਵੀਂ ਸੇਧ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਤੇਜ਼ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ’ਤੇ ਗਡਕਰੀ ਦਾ ਧੰਨਵਾਦ ਕੀਤਾ ਹੈ।