ਚੰਡੀਗੜ੍ਹ, 7 ਅਕਤੂਬਰ
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ’ਚ ਕਥਿਤ ਘੁਟਾਲੇ ਦਾ ਦੋਸ਼ ਲਾਇਆ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਕੁਝ ਉਮੀਦਵਾਰ ਜਿਹੜੇ ਹੋਰਨਾਂ ਭਰਤੀ ਪ੍ਰੀਖਿਆਵਾਂ ਵਿਚ ‘ਫੇਲ੍ਹ’ ਰਹੇ ਸਨ, ਨੇ ਨਾਇਬ ਤਹਿਸੀਲਦਾਰ ਦੀ ਅਸਾਮੀ ਲਈ ਟੌਪ ਕੀਤਾ ਹੈ। ਉਧਰ ਪੰਜਾਬ ਲੋਕ ਸੇਵਾ ਕਮਿਸ਼ਨ ਨੇ, ਜਿਸ ਦੀ ਨਿਗਰਾਨੀ ’ਚ ਭਰਤੀ ਅਮਲ ਸਿਰੇ ਚੜ੍ਹਿਆ ਹੈ, ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਭਰਤੀ ਅਮਲ ਨਾਲ ਸਮਝੌਤਾ ਕਰਨ ਦੀ ਗਵਾਹੀ ਭਰਦਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਉਮੀਦਵਾਰਾਂ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹ ਇਸ ਗੱਲ ’ਤੇ ਯਕੀਨ ਕਰਦੀ ਹੈ ਕਿ ਉਮੀਦਵਾਰ ਦੀ ਇਕ ਪ੍ਰੀਖਿਆ ’ਚ ਕਾਰਗੁਜ਼ਾਰੀ ਦਾ ਕਿਸੇ ਦੂਜੀ ਪ੍ਰੀਖਿਆ ’ਤੇ ਵੀ ਅਸਰ ਪੈਂਦਾ ਹੈ। ਪੀਪੀਐੱਸਸੀ ਨੇ ਕਿਹਾ ਕਿ ਉਸ ਦਾ ਅੰਦਰੂਨੀ ਪ੍ਰਬੰਧ ਬਹੁਤ ਸੁਰੱਖਿਅਤ ਹੈ, ਜੋ ਕਿਸੇ ਵੀ ਭਰਤੀ ਅਮਲ ਨੂੰ ਪਾਰਦਰਸ਼ੀ ਢੰਗ ਨਾਲ ਸਿਰੇ ਚਾੜ੍ਹਨਾ ਯਕੀਨੀ ਬਣਾਉਂਦਾ ਹੈ।
ਖਹਿਰਾ, ਜੋ ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਵੀ ਹਨ, ਨੇ ਦਾਅਵਾ ਕੀਤਾ ਕਿ ਕੁਝ ਉਮੀਦਵਾਰ ਜੋ ਕਲਰਕ, ਪਟਵਾਰੀ ਤੇ ਐਕਸਾਈਜ਼ ਇੰਸਪੈਕਟਰ ਦੀਆਂ ਪ੍ਰੀਖਿਆਂ ਪਾਸ ਕਰਨ ਵਿੱਚ ਨਾਕਾਮ ਰਹੇ ਸਨ, ਨੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਵਿੱਚ ਟੌਪ ਕੀਤਾ ਹੈ, ਜੋ ਸੰਕੇਤ ਹੈ ਕਿ ਭਰਤੀ ਅਮਲ ਵਿੱਚ ਕੁਝ ਤਾਂ ਗ਼ਲਤ ਹੈ। ਕਾਂਗਰਸੀ ਵਿਧਾਇਕ ਨੇ ਦਾਅਵਾ ਕੀਤਾ ਕਿ ਟੈਸਟ ਵਿੱਚ ਦੂਜੇ, ਤੀਜੇ, ਚੌਥੇ ਤੇ ਪੰਜਵੇਂ ਸਥਾਨ ’ਤੇ ਰਹਿਣ ਵਾਲੇ ਉਮੀਦਵਾਰ ਕਲਰਕ ਤੇ ਪਟਵਾਰੀ ਦੇ ਟੈਸਟਾਂ ਵਿੱਚ ਫੇਲ੍ਹ ਹੋ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਪਟਵਾਰੀ ਦੀ ਪ੍ਰੀਖਿਆ ਲਈ ਮਹਿਜ਼ 32 ਨੰਬਰ ਲੈਣ ਵਾਲੇ ਉਮੀਦਵਾਰ ਨੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਦੀ ਵਿਵਸਥਾ ਦੇ ਬਾਵਜੂਦ 83 ਅੰਕ ਹਾਸਲ ਕੀਤੇ ਹਨ। -ਪੀਟੀਆਈ