ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਪਰੈਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਸਖ਼ਤ ਪੇਸ਼ਬੰਦੀਆਂ ਕਰਦਿਆਂ ਪੰਜਾਬ ਭਰ ’ਚ ਰਾਤਰੀ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ, ਜੋ ਕਿ 30 ਅਪਰੈਲ ਤੱਕ ਲਾਗੂ ਰਹੇਗਾ। ਪਹਿਲਾਂ ਰਾਤਰੀ ਕਰਫਿਊ ਸਿਰਫ ਦਰਜਨ ਜ਼ਿਲ੍ਹਿਆਂ ਤੱਕ ਸੀਮਤ ਸੀ। ਹੁਣ ਸਮੁੱਚੇ ਪੰਜਾਬ ’ਚ ਰਾਤ ਨੂੰ 9 ਵਜੇ ਤੋਂ ਸਵੇਰ ਪੰਜ ਵਜੇ ਤੱਕ ਰਾਤਰੀ ਕਰਫਿਊ ਰਹੇਗਾ। ਮੈਡੀਕਲ ਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਬਾਕੀ ਸਕੂਲਾਂ ਸਮੇਤ ਵਿੱਦਿਅਕ ਅਦਾਰੇ ਵੀ 30 ਅਪਰੈਲ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ 30 ਅਪਰੈਲ ਤੱਕ ਸਿਆਸੀ ਇਕੱਠਾਂ ’ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਹੈ।
ਉਲੰਘਣਾ ਦੀ ਸੂਰਤ ’ਚ ਸਿਆਸੀ ਆਗੂਆਂ ਸਮੇਤ ਹੋਰਨਾਂ ’ਤੇ ਡੀਐੱਮਏ ਅਤੇ ਮਹਾਮਾਰੀ (ਐਪੀਡੈਮਿਕਸ) ਐਕਟ ਤਹਿਤ ਕੇਸ ਦਰਜ ਹੋਣਗੇ। ਪੰਜਾਬ ਸਰਕਾਰ ਨੇ ਕਰੀਬ ਇੱਕ ਸਾਲ ਮਗਰੋਂ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਖ਼ਤ ਪਾਬੰਦੀਆਂ ਲਾਈਆਂ ਹਨ। ਮੁੱਖ ਮੰਤਰੀ ਵੱਲੋਂ ਕੋਵਿਡ ਹਾਲਾਤ ’ਤੇ ਨਜ਼ਰਸਾਨੀ ਲਈ ਅੱਜ ਹਫਤਾਵਾਰੀ ਸਮੀਖਿਆ ਮੀਟਿੰਗ ਦੌਰਾਨ ਲਏ ਨਵੇਂ ਫੈਸਲਿਆਂ ਤਹਿਤ ਹੁਣ ਸਰਕਾਰੀ ਮੁਲਾਜ਼ਮਾਂ ਲਈ ਦਫਤਰੀ ਸਮੇਂ ਦੌਰਾਨ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਦੂਸਰੀ ਤਰਫ ਸ਼ਾਪਿੰਗ ਮਾਲਜ਼ ਦੇ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਹਰ ਦੁਕਾਨ ਵਿੱਚ ਕਿਸੇ ਵੀ ਸਮੇਂ 10 ਵਿਅਕਤੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ, ਮਤਲਬ ਕਿ ਕਿਸੇ ਵੀ ਸਮੇਂ 20 ਦੁਕਾਨਾਂ ਵਾਲੇ ਮਾਲ ਵਿੱਚ 200 ਵਿਅਕਤੀ ਦਾਖਲ ਹੋ ਸਕਦੇ ਹਨ। ਇਸੇ ਤਰ੍ਹਾਂ ਹੀ ਅੰਤਿਮ ਰਸਮਾਂ/ਦਾਹ-ਸਸਕਾਰਾਂ/ਵਿਆਹਾਂ ਮੌਕੇ ਹੋਣ ਵਾਲੇ ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 50 ਅਤੇ ਬਾਹਰੀ ਇਕੱਠਾਂ ਲਈ ਇਹ ਗਿਣਤੀ 100 ਤੱਕ ਸੀਮਤ ਕਰਨ ਦੇ ਵੀ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਖ਼ਤ ਪਾਬੰਦੀਆਂ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ ਸੀ। ਉਨ੍ਹਾਂ ਨੂੰ ਸਿਆਸੀ ਇਕੱਠਾਂ ’ਤੇ ਪਾਬੰਦੀ ਲਾਉਣ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਸਿਆਸੀ ਪਾਰਟੀਆਂ ਨੇ ਅਪੀਲਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਸੀ ਜਦੋਂ ਕਿ ਕਾਂਗਰਸ ਨੇ ਕੋਈ ਵੀ ਸਿਆਸੀ ਸਮਾਗਮ ਨਾ ਕਰਨ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਸੀ।
ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਅਤੇ ਸੁਖਬੀਰ ਬਾਦਲ ਦੀਆਂ ਸਿਆਸੀ ਰੈਲੀਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਵਰਤਾਓ ਕਰਨਾ ਇਨ੍ਹਾਂ ਆਗੂਆਂ ਨੂੰ ਸ਼ੋਭਦਾ ਨਹੀਂ। ਮੁੱਖ ਮੰਤਰੀ ਨੇ ਸਿਆਸੀ ਰੈਲੀਆਂ ਲਈ ਸਮਾਨ ਦੇਣ ਵਾਲੇ ਟੈਂਟ ਹਾਊਸ ਮਾਲਕਾਂ ਖਿਲਾਫ ਵੀ ਪੁਲੀਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਅਤੇ ਸਮਾਨ ਨੂੰ ਤਿੰਨ ਮਹੀਨਿਆਂ ਲਈ ਸੀਲ ਕਰ ਦਿੱਤਾ ਜਾਵੇਗਾ। 30 ਅਪਰੈਲ ਤੱਕ ਕੋਈ ਸਮਾਜਿਕ, ਸਭਿਆਚਾਰਕ ਅਤੇ ਖੇਡ ਇਕੱਠ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸਾਰੇ ਸਰਕਾਰੀ ਦਫਤਰਾਂ ਵਿੱਚ ਵਿਅਕਤੀਗਤ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ’ਤੇ ਪਾਬੰਦੀ ਲਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਅਤੇ ਵਰਚੁਅਲ ਤਰੀਕੇ ਅਪਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਆਮ ਲੋਕਾਂ ਨੂੰ ਵੀ ਸਿਰਫ ਜ਼ਰੂਰੀ ਸੇਵਾਵਾਂ ਲਈ ਹੀ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਛੋਟ ਹੈ ਅਤੇ ਇਸੇ ਤਰ੍ਹਾਂ ਸਬੰਧਤ ਵਿਭਾਗਾਂ ਵੱਲੋਂ ਰਜਿਸਟਰੀਆਂ ਆਦਿ ਦੇ ਰੋਜ਼ਾਨਾ ਦੇ ਕੰਮਾਂ ਲਈ ਮੁਲਾਕਾਤ ਦਾ ਸਮਾਂ ਸੀਮਤ ਗਿਣਤੀ ਵਿੱਚ ਹੀ ਦਿੱਤਾ ਜਾਵੇਗਾ। ਸਿਨੇਮਾਹਾਲਾਂ ਨੂੰ ਆਪਣੀ ਕੁੱਲ ਸਮਰੱਥਾ ਦੇ 50 ਫੀਸਦੀ ਨਾਲ ਹੀ ਕੰਮ ਚਲਾਉਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਨਾਈਟ ਕਰਫਿਊ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਵਿੱਚ ਕੈਬਨਿਟ ਮੰਤਰੀ ਓ.ਪੀ. ਸੋਨੀ (ਮੈਡੀਕਲ ਸਿੱਖਿਆ) ਤੇ ਬਲਬੀਰ ਸਿੱਧੂ (ਸਿਹਤ), ਮੈਡੀਕਲ ਮਾਹਰ ਡਾ. ਕੇ ਕੇ ਤਲਵਾੜ ਤੇ ਡਾ. ਰਾਜ ਬਹਾਦਰ ਅਤੇ ਪ੍ਰਮੁੱਖ ਸਕੱਤਰ (ਸਿਹਤ) ਹੁਸਨ ਲਾਲ ਵੀ ਮੌਜੂਦ ਸਨ।
ਪੁਲੀਸ ਨੇ 43 ਹਜ਼ਾਰ ਚਲਾਨ ਕੱਟੇ
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਜਨਤਕ ਤੌਰ ’ਤੇ ਮਾਸਕ ਨਾ ਪਹਿਨਣ ਵਾਲੇ 2.03 ਲੱਖ ਲੋਕਾਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ ਹੈ। ਹੁਣ ਤੱਕ 43,000 ਚਲਾਨ ਜਾਰੀ ਕੀਤੇ ਗਏ ਹਨ ਅਤੇ 3.60 ਕਰੋੜ ਰੁਪਏ ਦਾ ਜੁਰਮਾਨਾ ਇਕੱਤਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 206 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 246 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਵਿੱਚ ਵਾਧਾ ਕਰਦੇ ਹੋਏ ਪ੍ਰਤੀ ਦਿਨ 2 ਲੱਖ ਮਰੀਜ਼ਾਂ ਦਾ ਟੀਕਾਕਰਨ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪਾਜ਼ੇਟਿਵ ਮਰੀਜ਼ ਪਿੱਛੇ 30 ਵਿਅਕਤੀਆਂ ਦੀ ਹੱਦ ਤੱਕ ਸੰਪਰਕ ਟ੍ਰੇਸਿੰਗ ਕੀਤੀ ਜਾਵੇ ਅਤੇ ਸੈਂਪਲਿੰਗ ਦੀ ਗਿਣਤੀ ਪ੍ਰਤੀ ਦਿਨ 50,000 ਤੱਕ ਵਧਾਈ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲਕੇ ਵੀਡੀਓ ਕਾਨਫਰੰਸਿੰਗ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਗੇ ਕਿ ਉਹ ਪੀਜੀਆਈ ਨੂੰ ਸੂਬਾ ਸਰਕਾਰ ਦੁਆਰਾ ਰੈਫਰ ਕੀਤੇ ਮਰੀਜ਼ਾਂ ਲਈ ਘੱਟੋ-ਘੱਟ 50 ਆਈਸੀਯੂ ਬੈੱਡ ਰਾਖਵੇਂ ਰੱਖਣ ਲਈ ਨਿਰਦੇਸ਼ ਦੇਣ। ਸਿਹਤ ਮਹਿਕਮੇ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਰੋਜ਼ਾਨਾ ਸੈਂਪਲਿੰਗ ਵਧਾ ਕੇ 50,000 ਕੀਤੀ ਜਾਵੇਗੀ ਜਿਸ ਵਿੱਚ 35,000 ਆਰਟੀਪੀਸੀਆਰ ਅਤੇ 15,000 ਰੈਪਿਡ ਐਂਟੀਜਨ ਟੈਸਟ ਕੀਤੇ ਜਾਣਗੇ।
ਕੋਵਿਡ: ਦੇਸ਼ ’ਚ ਇੱਕ ਦਿਨ ਵਿੱਚ 1.15 ਲੱਖ ਨਵੇਂ ਕੇਸ
ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ- 19 ਦੇ 1.15 ਲੱਖ ਨਵੇਂ ਕੇਸ ਆਏ ਹਨ ਜਿਨ੍ਹਾਂ ਦੀ ਗਿਣਤੀ ਇਸ ਮਹਾਮਾਰੀ ਦੇ ਭਾਰਤ ’ਚ ਸ਼ੁਰੂ ਹੋਣ ਤੋਂ ਬਾਅਦ ਇੱਕ ਦਿਨ ’ਚ ਆਉਣ ਵਾਲੇ ਕੇਸਾਂ ਦੀ ਤੁਲਨਾ ’ਚ ਸਭ ਤੋਂ ਵੱਧ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਕੋਵਿਡ- 19 ਕੇਸਾਂ ਦੀ ਗਿਣਤੀ ਵਧ ਕੇ 1,28,01,785 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਦਿਨਾਂ ਵਿੱਚ ਕੇਸਾਂ ਦੀ ਗਿਣਤੀ ਦੂਜੀ ਵਾਰ 1 ਲੱਖ ਤੋਂ ਪਾਰ ਗਈ ਹੈ। ਇੱਕ ਦਿਨ ਵਿੱਚ ਕੁੱਲ 1,15,736 ਕੇਸ ਰਿਕਾਰਡ ਕੀਤੇ ਗਏ ਹਨ ਜਦਕਿ ਅੱਜ ਕੋਵਿਡ- 19 ਕਾਰਨ 630 ਜਣਿਆਂ ਦੀ ਮੌਤ ਹੋ ਗਈ ਜਿਸ ਨਾਲ ਮੁਲਕ ਵਿੱਚ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,66,177 ਹੋ ਗਈ ਹੈ। ਅੱਜ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 8,43,473 ਹੋ ਗਈ ਜੋ ਕੁੱਲ ਕੇਸਾਂ ਦਾ 6.59 ਫ਼ੀਸਦੀ ਬਣਦੀ ਹੈ। ਅੱਜ ਹੋਈਆਂ 630 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 297, ਪੰਜਾਬ ਵਿੱਚ 61, ਛੱਤੀਸਗੜ੍ਹ ਵਿੱਚ 53, ਕਰਨਾਟਕਾ ਵਿੱਚ 39, ਉੱਤਰ ਪ੍ਰਦੇਸ਼ ਵਿੱਚ 30, ਮੱਧ ਪ੍ਰਦੇਸ਼ ਵਿੱਚ 18, ਦਿੱਲੀ ਅਤੇ ਗੁਜਰਾਤ ਵਿੱਚ 17-17, ਤਾਮਿਨਲਾਡੂ ਵਿੱਚ 15, ਕੇਰਲਾ ਵਿੱਚ 14 ਅਤੇ ਰਾਜਸਥਾਨ ਵਿੱਚ 13 ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਕੰਮ-ਕਾਜ ਵਾਲੀਆਂ ਥਾਵਾਂ ’ਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੀ ਸ਼ੁਰੂਆਤ 11 ਅਪਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ। -ਪੀਟੀਆਈ
ਪੰਜਾਬ ’ਚ ਕਰੋਨਾ ਕਾਰਨ 63 ਮੌਤਾਂ
ਚੰਡੀਗੜ੍ਹ (ਦਵਿੰਦਰ ਪਾਲ ): ਪੰਜਾਬ ਵਿੱਚ ਪਿਛਲੇ 24 ਘੰਟਿਆਂ ’ਚ ਕਰੋਨਾਵਾਇਰਸ ਕਾਰਨ 63 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 2997 ਵਿਅਕਤੀ ਕਰੋਨਾ ਲਾਗ ਦਾ ਸ਼ਿਕਾਰ ਵੀ ਹੋਏ ਹਨ। ਸੂਬੇ ਵਿੱਚ ਹੁਣ ਤੱਕ 7278 ਵਿਅਕਤੀ ਮਹਾਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਜ਼ਿਲ੍ਹਾਵਾਰ ਮੌਤਾਂ ਦੀ ਸਥਿਤੀ ਵੇਖੀ ਜਾਵੇ ਤਾਂ ਮੁਹਾਲੀ ਵਿੱਚ 9, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ 7-7, ਪਟਿਆਲਾ ਤੇ ਰੋਪੜ ਵਿੱਚ 6-6, ਜਲੰਧਰ, ਲੁਧਿਆਣਾ ਤੇ ਕਪੂਰਥਲਾ ਵਿੱਚ 4-4, ਗੁਰਦਾਸਪੁਰ ਵਿੱਚ 3, ਬਠਿੰਡਾ, ਮੋਗਾ ਪਠਾਨਕੋਟ, ਸੰਗਰੂਰ ਵਿੱਚ 2-2, ਫਾਜ਼ਿਲਕਾ, ਫ਼ਰੀਦਕੋਟ, ਫ਼ਿਰੋਜ਼ਪੁਰ, ਨਵਾਂ ਸ਼ਹਿਰ ਤੇ ਤਰਨ ਤਾਰਨ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।