ਪੱਤਰ ਪ੍ਰੇਰਕ
ਟੋਹਾਣਾ, 9 ਜੁਲਾਈ
ਖੇਦੜ ਥਰਮਲ ਪਾਵਰ ਪਲਾਂਟ ’ਤੇ ਹਿੰਸਾ ਦੌਰਾਨ ਇਕ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਦੀਆਂ ਕਿਸਾਨਾਂ ’ਤੇ ਜ਼ਿਆਦਤੀਆਂ ਕਰਨ ਦਾ ਮਾਮਲਾ ਭਖ ਗਿਆ ਹੈ। ਬਰਵਾਲਾ ਪੁਲੀਸ ਨੇ ਇਸ ਮਾਮਲੇ ’ਤੇ ਟਰੈਕਟਰ ਚਾਲਕ ਤੇ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਸ਼ਾਮ ਪਿਛਲੇ ਕਰੀਬ 80 ਦਿਨਾਂ ਤੋਂ ਚਲ ਰਹੇ ਧਰਨਾ ਸਥਾਨ ’ਤੇ ਪੁੱਜੇ। ਸ੍ਰੀ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨਾਲ ਜ਼ਿਆਦਤੀਆਂ ਕਰ ਰਹੀ ਹੈ ਜਿਸ ਦੇ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਦੱਸਣਯੋਗ ਹੈ ਕਿ ਇਥੇ ਬੀਤੀ ਸ਼ਾਮ ਹਿੰਸਾ ਦੌਰਾਨ ਪਿੰਡ ਖੇਦੜ ਦੇ ਕਿਸਾਨ ਧਰਮਪਾਲ (56) ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ। ਖੇਦੜ ਥਰਮਲ ਪਲਾਂਟ ਵਿੱਚੋਂ ਨਿਕਲਣ ਵਾਲੀ ਸੁਆਹ ਚੁੱਕਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪ੍ਰਬੰਧਕਾਂ ਦਰਮਿਆਨ ਵਿਵਾਦ ਚੱਲ ਰਿਹਾ ਹੈ। ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸੁਆਹ ਦੀਆਂ ਟਰਾਲੀਆਂ ਮੁਫ਼ਤ ਚੁੱਕਣ ਲਈ ਬਜ਼ਿੱਦ ਹਨ, ਜਦੋਂਕਿ ਪ੍ਰਬੰਧਕਾਂ ਨੇ ਭਵਿੱਖ ਵਿੱਚ ਪਲਾਂਟ ਦੀ ਸੁਆਹ ਨੂੰ ਵੇਚਣ ਲਈ ਟੈਂਡਰ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਪਲਾਂਟ ਦੀ ਸੁਆਹ ਪਹਿਲਾਂ ਮੁਫ਼ਤ ਦਿੱਤੀ ਜਾ ਰਹੀ ਸੀ ਪਰ ਹੁਣ ਇਸ ਦੀ ਵਰਤੋਂ ਸੜਕਾਂ, ਇੱਟਾਂ ਬਣਾਉਣ ਤੇ ਸੀਮਿੰਟ ਵਿੱਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਪੁਲੀਸ ਬੈਰੀਕੇਡ ਤੋੜਨ ਵੇਲੇ ਟਰੈਕਟਰ ਸਵਾਰ ਕਿਸਾਨ ਹੇਠਾਂ ਡਿੱਗ ਗਿਆ ਸੀ ਤੇ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ। ਕਿਸਾਨਾਂ ਦਾ ਖੇਦੜ ਪਲਾਂਟ ਦੇ ਗੇਟ ’ਤੇ ਧਰਨਾ ਜਾਰੀ ਹੈ ਤੇ ਪੁਲੀਸ ਵੱਲੋਂ ਲਾਸ਼ ਸੌਂਪ ਦਿੱਤੀ ਗਈ ਹੈ।