ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਮਾਰਚ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਦੇ ਸਿਆਸੀ ਹਾਲਾਤ ’ਤੇ ਚਰਚਾ ਕਰਦਿਆਂ ਕਿਹਾ ਕਿ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਇਮਾਨਦਾਰ ਸਿਆਸਤਦਾਨਾਂ ਦੀ ਲੋੜ ਹੈ ਤੇ ਅਜਿਹੀ ਸਥਿਤੀ ਵਿੱਚ ਤੀਸਰਾ ਫਰੰਟ ਬਣਨ ਨਾਲ ਹੀ ਸਰਹੱਦੀ ਸੂਬਾ ਦੁਬਾਰਾ ਲੀਹ ’ਤੇ ਆ ਸਕੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ, ਜਿਨ੍ਹਾਂ ਨੇ ਕਾਂਗਰਸ, ਭਾਜਪਾ ਤੇ ਬਾਦਲ ਦਲ ਨੂੰ ਪਰਖ ਲਿਆ ਹੈ, ਜੋ ਸੱਤਾ ਲਈ ਜਨਤਾ ਨੂੰ ਝੂਠੇ ਨਾਅਰੇ ਤੇ ਵਾਅਦੇ ਦਿੰਦੇ ਹਨ ਅਤੇ ਸਰਕਾਰ ਬਣਨ ’ਤੇ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਪਰਖੀਆਂ ਪਾਰਟੀਆਂ ਤੋਂ ਹਰ ਵਰਗ ਪਾਸਾ ਵੱਟਣਾ ਚਾਹੁੰਦਾ ਹੈ। ਉਨ੍ਹਾਂ ਹਮਖਿਆਲੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਖ਼ਿਲਾਫ਼ ਇਕ ਮੰਚ ’ਤੇ ਇਕੱਠੇ ਹੋ ਕੇ ਲੋਕਾਂ ਨੂੰ ਪ੍ਰੋਗਰਾਮ ਦੇਣ ਤਾਂ ਜੋ ਤੀਜਾ ਬਦਲ ਬਣਾਇਆ ਜਾ ਸਕੇ।