ਦੇਵਿੰਦਰ ਸਿੰਘ ਜੱਗੀ
ਪਾਇਲ, 3 ਅਗਸਤ
ਪਿੰਡ ਬੇਰ ਕਲਾਂ ਵਿੱਚ ਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ ਹੋਇਆ ਹੈ ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ ਇਸ ਬਿਮਾਰੀ ਨਾਲ ਪੀੜਤ ਹਨ। ਅੱਜ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ ਪਿੰਡ ਬੇਰ ਕਲਾਂ ਪੁੱਜੀਆਂ। ਜਲੰਧਰ ਤੋਂ ਆਰਡੀਡੀਐੱਲ ਟੀਮ ਨੇ ਡਿਪਟੀ ਡਾਇਰੈਕਟਰ ਪੀ ਐਸ ਵਾਲੀਆ ਨਾਲ ਘਰ-ਘਰ ਜਾ ਕੇ ਪੀੜਤ ਪਸ਼ੂਆਂ ਦੇ ਸੈਂਪਲ ਲਏ। ਉਨ੍ਹਾਂ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਹਰੇ ਚਾਰੇ ਅਤੇ ਤੂੜੀ ਦੇ ਵੀ ਸੈਂਪਲ ਜਾਂਚੇ। ਡਾ. ਵਾਲੀਆ ਨੇ ਦੱਸਿਆ ਕਿ ਪਿੰਡ ਵਿੱਚ ਡਾਕਟਰਾਂ ਦੀਆਂ ਟੀਮਾਂ ਪੱਕੇ ਤੌਰ ’ਤੇ ਲਾ ਦਿੱਤੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਭਰੋਸਾ ਦਿੱਤਾ ਕਿ ਪਸ਼ੂਆਂ ਨੂੰ ਲੱਗਣ ਵਾਲੀ ਦਵਾਈ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਭੇਜੀ ਮੂੰਹ ਖੁਰ ਦੀ ਵੈਕਸੀਨ ਦੇ ਸੈਂਪਲ ਫੇਲ੍ਹ ਹੋ ਗਏ ਸਨ।
ਡਾਇਰੈਕਟਰ ਜਸਵੰਤ ਸਿੰਘ ਬੇਰਕਲਾਂ ਨੇ ਦੱਸਿਆ ਕਿ ਦੁੱਧ ਉਤਪਾਦਕ ਸਹਿਕਾਰੀ ਸਭਾ ਵਿੱਚ ਮਿਲਕ ਪਲਾਂਟ ਲੁਧਿਆਣਾ ਵੱਲੋਂ ਵੀ ਪਲਾਂਟ ਰਾਹੀ ਘੱਟ ਰੇਟ ’ਤੇ ਮਿਲਣ ਵਾਲੀਆਂ ਦਵਾਈਆਂ ਵੇਰਕਾ ਸਹਿਕਾਰੀ ਸਭਾ ਵਿੱਚ ਪਹੁੰਚ ਚੁੱਕੀਆਂ ਹਨ। ਡਾਕਟਰਾਂ ਨੇ ਬਿਮਾਰੀ ਨਾਲ ਪੀੜਤ ਪਸ਼ੂਆਂ ਨੂੰ ਵੱਖਰੇ ਕਰਨ ਅਤੇ ਉਨ੍ਹਾਂ ਦੇ ਪੈਰ ਲਾਲ ਦਵਾਈ ਨਾਲ ਧੋਣ, ਕਲੀ ਪਾਉਣ ਅਤੇ ਜੀਭ ਉੱਪਰ ਗਲੈਸਰੀਨ ਲਾਉਣ ਦੀ ਸਲਾਹ ਦਿੱਤੀ। ਪਸ਼ੂ ਫ਼ਾਰਮ ਦੇ ਮਾਲਕ ਗੁਰਪ੍ਰੀਤ ਸਿੰਘ ਬੇਰ ਕਲਾਂ ਨੇ ਪਸ਼ੂ ਪਾਲਣ ਵਿਭਾਗ ਅਤੇ ਸਰਕਾਰਾਂ ਨਾਲ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੈਕਸੀਨ ਦੇ ਸੈਂਪਲ ਹੀ ਪਾਸ ਨਹੀਂ ਸਨ ਹੋਏ ਤਾਂ ਉਸ ਦੀ ਖਰੀਦ ਕਿਉਂ ਕੀਤੀ ਗਈ।