ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੂਨ
ਸਥਾਨਕ ਸੀਆਈਏ ਸਟਾਫ਼ ਪੁਲੀਸ ਨੇ ਆਯੁਰਵੈਦਿਕ ਦਵਾਈ ਦੀ ਆੜ ’ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫ਼ਾਸ਼ ਕਰਦਿਆਂ ਦੋ ਝੋਲਾਛਾਪ ਡਾਕਟਰਾਂ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 7 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਹਰਿੰਦਰਪਾਲ ਸਿੰਘ ਪਰਮਾਰ ਐੱਸਪੀ (ਆਈ) ਨੇ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਨੇ ਜੰਗਜੀਤ ਸਿੰਘ ਰੰਧਾਵਾ ਡੀਐੱਸਪੀ (ਡੀ) ਦੀ ਨਿਗਰਾਨੀ ਹੇਠ ਮੋਗਾ-ਲੁਧਿਆਣਾ ਕੌਮੀ ਮਾਰਗ ਸਥਿਤ ਪਿੰਡ ਕਿਲੀ ਚਾਹਲਾਂ ਕੋਲ ਇੱਕ ਗੱਡੀ ਨੂੰ ਸ਼ੱਕ ਅਧਾਰ ’ਤੇ ਰੋਕਿਆ ਤਾਂ ਗੱਡੀ ਵਿੱਚ ਸਵਾਰ ਤਿੰਨ ਨੌਜਵਾਨ ਘਬਰਾ ਗਏ। ਸ਼ੱਕ ਪੈਣ ’ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਪਾਰਸ ਸਹਿਗਲ ਕੋਲੋਂ 5 ਹਜ਼ਾਰ, ਬਲਦੇਵ ਕ੍ਰਿਸ਼ਨ ਉਰਫ ਬੱੱਬੂ ਵਾਸੀ ਪੀਪਿਆਂ ਵਾਲੀ ਗਲੀ ਮੋਗਾ ਅਤੇ ਦਵਿੰਦਰ ਸਿੰਘ ਵਾਸੀ ਚੌਕ ਸੇਖਾਂ ਵਾਲਾ ਮੋਗਾ ਕੋਲੋਂ 2 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਮੁਤਾਬਕ ਦੋ ਮੁਲਜ਼ਮ ਝੋਲਾਛਾਪ ਡਾਕਟਰੀ ਕਰਦੇ ਹਨ ਅਤੇ ਸ਼ਹਿਰ ’ਚ ਉਨ੍ਹਾਂ ਦਾ ਆਯੁਰਵੈਦਿਕ ਮੈਡੀਕਲ ਦਵਾਖਾਨਾ ਹੈ। ਉਹ ਆਯੁਰਵੈਦਿਕ ਦਵਾਈਆਂ ਦੀ ਆੜ ’ਚ ਨਸ਼ੀਲੀਆਂ ਗੋਲੀਆਂ ਵੇਚਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿੱਛ ਲਈ 3 ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਪਲਾਈ ਦੀ ਲੜੀ ਨੂੰ ਤੋੜਨ ਲਈ ਪੁਲੀਸ ਰਿਮਾਂਡ ਦੌਰਾਨ ਨਸ਼ੀਲੀਆਂ ਗੋਲੀਆਂ ਦੀ ਸਮਗਲਿੰਗ ਵਿੱਚ ਸ਼ਾਮਲ ਬੈਕਵਰਡ ਅਤੇ ਫਾਰਵਰਡ ਲਿੰਕ ਦੇ ਵਿਅਕਤੀਆਂ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।