ਨਵਾਂਸ਼ਹਿਰ: ਪੰਜਾਬ ਪੁਲੀਸ ਨੇ ਇੱਥੋਂ ਦੇ ਸੀਆਈਏ ਦਫ਼ਤਰ ’ਤੇ ਹੈਂਡ ਗਰਨੇਡ ਨਾਲ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਵੀਕੇ ਭਾਵੜਾ ਨੇ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਹਰਵਿੰਦਰ ਸਿੰਘ ਉਰਫ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿਸਤਾਨ ਆਧਾਰਿਤ ਅਤਿਵਾਦੀ ਗਰੋਹ ਦੇ ਮੈਂਬਰ ਹਨ।
ਉਨ੍ਹਾਂ ਦੱਸਿਆ ਕਿ 7 ਅਤੇ 8 ਨਵੰਬਰ 2021 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਪੁਲੀਸ ਮੁਲਾਜ਼ਮਾਂ ਨੂੰ ਮਾਰਨ ਦੇ ਇਰਾਦੇ ਨਾਲ ਨਵਾਂਸ਼ਹਿਰ ਦੇ ਸੀਆਈਏ ਦਫ਼ਤਰ ’ਤੇ ਹੈਂਡ ਗਰਨੇਡ ਸੁੱਟਿਆ ਸੀ। ਇਹ ਹਮਲਾ ਕਰਨ ਦੇ ਦੋਸ਼ ਹੇਠ ਨਵਾਂਸ਼ਹਿਰ ਦੇ ਪਿੰਡ ਬੈਂਸ ਦੇ ਰਹਿਣ ਵਾਲੇ ਮਨੀਸ਼ ਕੁਮਾਰ ਉਰਫ ਮਨੀ, ਗੁਰਾਇਆ ਦੇ ਪਿੰਡ ਅੱਟਾ ਦੇ ਵਾਸੀ ਰਮਨਦੀਪ ਸਿੰਘ ਉਰਫ ਜੱਖੂ ਅਤੇ ਨਵਾਂਸ਼ਹਿਰ ਦੇ ਪਿੰਡ ਸਾਹਲੋਂ ਵਾਸੀ ਪਰਦੀਪ ਸਿੰਘ ਉਰਫ ਭੱਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਇੱਕ ਹੈਂਡ ਗਰਨੇਡ ਵੀ ਬਰਾਮਦ ਹੋਇਆ ਹੈ। -ਪੱਤਰ ਪ੍ਰੇਰਕ