ਪਾਲ ਸਿੰਘ ਨੌਲੀ
ਜਲੰਧਰ, 5 ਜਨਵਰੀ
ਕਮਿਸ਼ਨਰੇਟ ਪੁਲੀਸ ਦੇ ਸੀਆਈਏ ਸਟਾਫ ਨੇ ਕੁੱਲ ਤਿੰਨ ਵਿਅਕਤੀਆਂ ਨੂੰ 158 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਵੇਰਵਿਆਂ ਅਨੁਸਾਰ ਸੀਆਈਏ ਦੀ ਟੀਮ ਜਦੋਂ ਗਸ਼ਤ ਕਰ ਰਹੀ ਸੀ ਤਾਂ ਬਸਤੀ ਸ਼ੇਖ ਦੇ ਤੇਜ ਮੋਹਨ ਨਗਰ ਵਿੱਚ ਇਨੋਵਾ ਗੱਡੀ ਨੂੰ ਰੁਕਣ ਲਈ ਇਸ਼ਾਰਾ ਕੀਤਾ ਗਿਆ। ਗੱਡੀ ਵਿੱਚ ਸਵਾਰ ਵਿਅਕਤੀ ਨੇ ਪੁਲੀਸ ਨੂੰ ਦੇਖ ਕੇ ਗੱਡੀ ’ਚੋਂ ਉੱਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 106 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਤੇਜ ਮੋਹਨ ਨਗਰ ਵਜੋਂ ਹੋਈ ਹੈ। ਉਸ ਨੇ ਮੰਨਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਤੇ ਮਾੜੀ ਸੰਗਤ ਵਿਚ ਪੈ ਗਿਆ ਤੇ ਹੈਰੋਇਨ ਦਾ ਸੇਵਨ ਕਰਨ ਲੱਗ ਪਿਆ। ਨਸ਼ੇ ਦੀ ਪੂਰਤੀ ਲਈ ਉਹ ਤਸਕਰੀ ਵੀ ਕਰਨ ਲੱਗ ਪਿਆ। ਉਸ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਤਿੰਨ ਮਾਮਲੇ ਦਰਜ ਹਨ।
ਇਸੇ ਦੌਰਾਨ ਸੀਆਈਏ ਸਟਾਫ ਨੇ ਵਰਕਸ਼ਾਪ ਚੌਕ ਜਲੰਧਰ ’ਚੋਂ ਦੋ ਵਿਅਕਤੀਆਂ ਕੋਲੋਂ 52 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ ਦੀਪਾ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਮਨੀ ਸੱਭਰਵਾਲ ਵਾਸੀ ਬਸਤੀ ਸ਼ੇਖ ਵਜੋਂ ਹੋਈ ਹੈ। ਪੁਲੀਸ ਨੇ ਮਨੀ ਸੱਭਰਵਾਲ ਕੋਲੋਂ ਐਕਟਿਵਾ ਤੇ 5 ਹਜ਼ਾਰ ਰੁਪਏ ਡਰੱਗ ਮਨੀ ਦੇ ਬਰਾਮਦ ਕੀਤੇ ਹਨ। ਸੀਆਈਏ ਸਟਾਫ ਨੇ ਮੁਲਜ਼ਮਾਂ ਦੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਮਗਰੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।