ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਸਤੰਬਰ
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਲੰਘੇ ਦਿਨੀਂ ਬਾਲ ਭਲਾਈ ਕਮੇਟੀ ਨੂੰ ਲਾਵਾਰਸ ਹਾਲਤ ’ਚ ਮਿਲੇ ਤਿੰਨ ਬੱਚਿਆਂ ਨੂੰ ਬਾਲ ਘਰ ’ਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਲਾਈਨ ਸਰਹਿੰਦ ਨੇੜਿਓਂ ਗਊਸ਼ਾਲਾ ਕੋਲੋਂ ਦੋ ਬੱਚੀਆਂ ਲਕਸ਼ਮੀ (6) ਅਤੇ ਰਾਣੀ (4) ਲਾਵਾਰਸ ਹਾਲਤ ’ਚ ਮਿਲੀਆਂ ਸਨ। ਨਰਿੰਦਰ ਕੁਮਾਰ ਪ੍ਰਿੰਸ ਵੱਲੋਂ ਇਤਲਾਹ ਦੇਣ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਨੇ ਬਾਲ ਭਲਾਈ ਕਮੇਟੀ ਨਾਲ ਤਾਲਮੇਲ ਕਰ ਕੇ ਦੋਵਾਂ ਬੱਚੀਆਂ ਨੂੰ ਗੁਰਮੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਧੀਨ ਆਉਂਦੇ ਸਖੀ ਵਨ ਸਟਾਪ ਸੈਂਟਰ ਵਿੱਚ ਪਹੁੰਚਾਇਆ। ਇਸੇ ਦੌਰਾਨ ਨੇੜਲੇ ਪਾਰਕ ਵਿੱਚੋਂ ਮਿਲੇ ਬੱਚੇ ਅੰਸ਼ੂ ਨੂੰ ਰੰਜਨਾ ਸ਼ਰਮਾ ਦੇ ਘਰ ਛੱਡਿਆ ਗਿਆ। ਉਨ੍ਹਾਂ ਮੁਤਾਬਕ ਗੱਲਬਾਤ ਦੌਰਾਨ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਕੁੱਟਮਾਰ ਕਰਕੇ ਉਨ੍ਹਾਂ ਨੂੰ ਉੱਥੇ ਛੱਡ ਗਿਆ ਸੀ। ਬੱਚਿਆਂ ਮੁਤਾਬਕ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਅਤੇ ਪਿਤਾ ਸ਼ਰਾਬ ਪੀ ਕੇ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ। ਮਹਿਮੀ ਨੇ ਦੱਸਿਆ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦਾ ਮੈਡੀਕਲ ਕਰਵਾ ਕੇ ਪੁਲੀਸ ਸੁਰੱਖਿਆ ਹੇਠ ਉਨ੍ਹਾਂ ਬਾਲ ਘਰ ਵਿੱਚ ਭੇਜਿਆ ਗਿਆ ਹੈ। ਇਸ ਮੌਕੇ ਹਰਪ੍ਰੀਤ ਕੌਰ ਸੁਰੱਖਿਆ ਅਫਸਰ (ਆਈ.ਸੀ), ਗੁਰਪ੍ਰੀਤ ਕੌਰ ਸ਼ੋਸ਼ਲ ਵਰਕਰ ਅਤੇ ਰੁਪਿੰਦਰ ਕੌਰ ਆਊਟਰੀਚ ਵਰਕਰ ਹਾਜ਼ਰ ਸਨ।