ਰਣਬੀਰ ਸਿੰਘ ਮਿੰਟੂ/ਸੁਖਦੇਵ ਸਿੰਘ
ਚੇਤਨਪੁਰਾ/ਅਜਨਾਲਾ, 16 ਜੂਨ
ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ ’ਚ ਨਹਿਰ ਵਿੱਚ ਨਹਾਉਣ ਗਏ ਤਿੰਨ ਬੱਚੇ ਡੁੱਬ ਗਏ। ਇਨ੍ਹਾਂ ’ਚੋਂ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਤੀਜੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਬੱਚਿਆਂ ਦੀ ਉਮਰ 13-14 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ, ਕ੍ਰਿਸ਼, ਲਵਪ੍ਰੀਤ ਸਿੰਘ ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜਪੁਰਾ ’ਚ ਬਾਬਾ ਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਵੇਖਣ ਗਏ ਸਨ। ਮੇਲਾ ਦੇਖਣ ਤੋਂ ਬਾਅਦ ਚਾਰ ਦੋਸਤ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਲੱਗ ਪਏ। ਇਸੇ ਦੌਰਾਨ ਉਹ ਚਾਰੇ ਇੱਕ-ਦੂਜੇ ਨੂੰ ਪਾਣੀ ਦੇ ਵਹਾਅ ’ਚੋਂ ਬਚਾਉਂਦੇ ਹੋਏ ਰੁੜ੍ਹ ਗਏ। ਸਥਾਨਕ ਲੋਕਾਂ ਨੇ ਇੱਕ ਬੱਚੇ ਨੂੰ ਬਚਾਅ ਲਿਆ ਜਦਕਿ ਬਾਕੀ ਤਿੰਨ ਨਹਿਰ ’ਚ ਡੁੱਬ ਗਏ। ਇਨ੍ਹਾਂ ’ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇੱਕ ਬੱਚੇ ਦੀ ਭਾਲ ਜਾਰੀ ਹੈ। ਮੌਕੇ ’ਤੇ ਪੁੱਜੇ ਥਾਣਾ ਰਾਜਾਸਾਂਸੀ ਦੇ ਐੱਸਐੱਚਓ ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਨੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਹੈ।