ਚਰਨਜੀਤ ਭੁੱਲਰ
ਚੰਡੀਗੜ੍ਹ, 1 ਫਰਵਰੀ
ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ‘ਤੇ ਬਾਗ਼ੀ ਭਾਰੂ ਪੈ ਗਏ ਹਨ ਜਿਨ੍ਹਾਂ ਨੂੰ ਵਿਰੋਧੀ ਰਾਜਸੀ ਧਿਰਾਂ ਨੇ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ ਹੈ| ਕਾਂਗਰਸ ਪਾਰਟੀ ਤੋਂ ਟਿਕਟ ਨਾ ਮਿਲਣ ਮਗਰੋਂ ਅੱਜ ਤਿੰਨ ਹੋਰ ਬਾਗ਼ੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ| ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਰਫ਼ੋਂ ਇਨ੍ਹਾਂ ਬਾਗ਼ੀਆਂ ਨੂੰ ਮੈਦਾਨ ‘ਚ ਖੜ੍ਹੇ ਰੱਖਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ| ਹਲਕਾ ਭਦੌੜ ਤੋਂ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਮਨਜੀਤ ਕੌਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ| ਮਨਜੀਤ ਕੌਰ ਦੇ ਪਤੀ ਮੌਜੂਦਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਹਨ ਜਿਨ੍ਹਾਂ ਨੂੰ ਐਤਕੀਂ ਕਾਂਗਰਸ ਨੇ ਮਲੋਟ ਤੋਂ ਟਿਕਟ ਨਹੀਂ ਦਿੱਤੀ ਹੈ| ਇਸੇ ਤਰ੍ਹਾਂ ਸੁਨਾਮ ਤੋਂ ਟਿਕਟ ਬਦਲੀ ਮਗਰੋਂ ਅੱਜ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਆਜ਼ਾਦ ਤੌਰ ‘ਤੇ ਕਾਗ਼ਜ਼ ਦਾਖਲ ਕਰ ਦਿੱਤੇ ਹਨ| ਇਹ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਨੂੰ ਸਿੱਧੇ ਤੌਰ ‘ਤੇ ਢਾਹ ਲਾਉਣਗੇ|
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਲੜਕੇ ਰਾਣਾਇੰਦਰ ਪ੍ਰਤਾਪ ਸਿੰਘ ਨੇ ਅੱਜ ਸੁਲਤਾਨਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ ਹਨ| ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਤਰਫ਼ੋਂ ਰਮਨਦੀਪ ਸਿੰਘ ਸਿੱਕੀ ਅਤੇ ਐੱਮਪੀ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ|
ਹਲਕਾ ਮੁਕਤਸਰ ਤੋਂ ਟਿਕਟ ਨਾ ਮਿਲਣ ਕਰਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਮੇਰੇ ਭਰਾ ਜਗਜੀਤ ਸਿੰਘ ਉਰਫ਼ ਹਨੀ ਫ਼ੱਤਣਵਾਲਾ ਨੇ ਅੱਜ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ| ਕਨਸੋਆਂ ਹਨ ਕਿ ਉਹ ਭਲਕੇ ਸ਼ੋ੍ਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ| ਆਦਮਪੁਰ ਹਲਕੇ ਤੋਂ ਐਨ ਆਖ਼ਰੀ ਮੌਕੇ ਮੁੜ ਟਿਕਟ ਤੋਂ ਇਨਕਾਰ ਹੋਣ ਕਰਕੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਆਖ ਦਿੱਤਾ ਹੈ ਕਿ ਉਸ ਨੂੰ ਜ਼ਲੀਲ ਕੀਤਾ ਗਿਆ ਹੈ| ਬੇਸ਼ੱਕ ਉਨ੍ਹਾਂ ਨੇ ਕਾਗ਼ਜ਼ ਦਾਖਲ ਨਹੀਂ ਕੀਤੇ ਪ੍ਰੰਤੂ ਉਨ੍ਹਾਂ ਕਾਂਗਰਸੀ ਉਮੀਦਵਾਰ ਖ਼ਿਲਾਫ਼ ਡਟਣ ਦਾ ਐਲਾਨ ਕਰ ਦਿੱਤਾ ਹੈ|
ਕੋਈ ਵੇਲਾ ਸੀ ਕਿ ਜਦੋਂ ਕਾਂਗਰਸ ‘ਚ ਕੋਈ ਅਨੁਸ਼ਾਸਨ ਭੰਗ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦਾ ਸੀ ਪ੍ਰੰਤੂ ਹੁਣ ਇਸ ਪਾਰਟੀ ਵਿਚ ਅਨੁਸ਼ਾਸਨ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ| ਟਿਕਟਾਂ ਦੀ ਵੰਡ ਵੇਲੇ ਬਗ਼ਾਵਤ ਦੇ ਡਰੋਂ ਕਾਂਗਰਸ ਨੇ ਦਾਗ਼ੀ ਚਿਹਰਿਆਂ ਨੂੰ ਵੀ ਟਿਕਟਾਂ ਨਾਲ ਨਿਵਾਜ ਦਿੱਤਾ| ਕਾਂਗਰਸ ਪਾਰਟੀ ਨੇ ਐਮ.ਪੀ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਪੰਜਾਬ ਲੋਕ ਕਾਂਗਰਸ ਲਈ ਕੰਮ ਕਰ ਰਹੇ ਹਨ ਅਤੇ ਹਫ਼ਤੇ ਵਿਚ ਜੁਆਬ ਮੰਗਿਆ ਸੀ| ਅੱਜ ਤੱਕ ਕਾਂਗਰਸ ਕੋਈ ਕਾਰਵਾਈ ਨਹੀਂ ਕਰ ਸਕੀ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਵੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਡਟ ਗਏ ਹਨ| ਇੱਕ ਟਕਸਾਲੀ ਆਗੂ ਦਾ ਕਹਿਣਾ ਸੀ ਕਿ ਕਾਂਗਰਸ ਵਿਚ ਆਪੋ ਧਾਪੀ ਮੱਚ ਗਈ ਹੈ ਤੇ ਕਿਸੇ ਨੂੰ ਹਾਈ ਕਮਾਨ ਦਾ ਕੋਈ ਡਰ ਨਹੀਂ ਰਿਹਾ ਹੈ| ਹਲਕਾ ਖਰੜ ਤੋਂ ਟਿਕਟ ਦੇ ਚਾਹਵਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਟਿਕਟ ਨਾ ਮਿਲਣ ਕਰਕੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ|