ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਸੂਬੇ ਭਰ ਦੇ ਮਾਲ ਅਫ਼ਸਰਾਂ ਨੇ ਆਪਣੇ ਵਿਭਾਗ ਦੇ ਸੀਨੀਅਰ ਅਧਿਕਾਰੀ ਦੇ ਅੜੀਅਲ ਰਵੱਈਏ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਮਾਲ ਅਫ਼ਸਰਾਂ ਨੇ ਵਰਚੁਅਲ ਮੀਟਿੰਗ ਕਰਕੇ 19 ਅਗਸਤ ਤੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ ਕੀਤਾ ਹੈ।
ਸੂਬੇ ਭਰ ਦੀਆਂ ਤਹਿਸੀਲਾਂ ਵਿੱਚ ਤਿੰਨ ਦਿਨ ਕੰਮ-ਕਾਜ ਠੱਪ ਰਹਿਣ ਕਾਰਨ ਲੋਕ ਖੱਜਲ-ਖੁਆਰ ਹੋਣਗੇ। ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਅਤੇ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਇੱਕ ਬਿਆਨ ਰਾਹੀਂ ਆਖਿਆ ਕਿ ਉਨ੍ਹਾਂ ਬੀਤੀ 9 ਅਗਸਤ ਨੂੰ ਆਪਣੀਆਂ ਮੰਗਾਂ ਲਈ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਅੜੀਅਲ ਰਵੱਈਏ ਤੇ ਆਪ-ਹੁਦਰੀਆਂ ਖ਼ਿਲਾਫ਼ ਲਿਖਤੀ ਤੌਰ ’ਤੇ ਮੁੱਖ ਮੰਤਰੀ ਦੇ ਨਾਮ ਦਫ਼ਤਰ ਵਿੱਚ ਉਨ੍ਹਾਂ ਦੇ ਓਐੱਸਡੀ ਤੇ ਹੋਰਾਂ ਕੋਲ ਸ਼ਿਕਾਇਤ ਕੀਤੀ ਸੀ।
ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ 19 ਅਗਸਤ ਤੋਂ ਹੜਤਾਲ ਕਰਕੇ ਕੰਮ ਠੱਪ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਲੋਂ ਸੂਬਾ ਸਰਕਾਰ ਦੇ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਰਿਹਾਇਸ਼ੀ ਪਲਾਟ ਦੀ ਐੱਨਓਸੀ ਤੋਂ ਨਿਜਾਤ ਦਿਵਾਉਣ ਦੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ ਉਲਝਣ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ।
ਐਸੋਸੀਏਸ਼ਨ ਨੇ ਐੱਨਓਸੀ ਬਾਬਤ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ ਪਰ ਇਸ ਅਧਿਕਾਰੀ ਵੱਲੋਂ ਮਸਲਾ ਹੱਲ ਕਰਨ ਦੀ ਥਾਂ ਮਾਲ ਅਫ਼ਸਰਾਂ ’ਤੇ ਕਥਿਤ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਕੋਟੇ ਵਿੱਚੋਂ ਪੀਸੀਐੱਸ ਕਾਡਰ ਤਰੱਕੀ ਲਈ ਸਰਕਾਰ ਕੋਲ ਡੇਢ ਸਾਲ ਤੋਂ ਦੱਬੀ ਫ਼ਾਈਲ ਇਸ ਸੀਨੀਅਰ ਮਾਲ ਅਧਿਕਾਰੀ ਦੇ ਦਫ਼ਤਰ ਵਿਚ ਧੂੜ ਫੱਕ ਰਹੀ ਹੈ।