ਜਗਮੋਹਨ ਸਿੰਘ
ਰੂਪਨਗਰ, 3 ਮਾਰਚ
ਅੱਜ ਰੂਪਨਗਰ ਜ਼ਿਲ੍ਹੇ ਅੰਦਰ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਹੋ ਗਈ। ਮੁਹਿੰਮ ਦਾ ਰਸਮੀ ਉਦਘਾਟਨ ਸਿਵਲ ਸਰਜਨ ਰੂਪਨਗਰ ਦੁਆਰਾ ਰੋਟਰੀ ਕਲੱਬ ਤੇ ਸਿਹਤ ਵਿਭਾਗ ਵੱਲੋਂ ਬੇਲਾ ਚੌਕ ਵਿੱਚ ਪੋਲੀਓ ਦੀਆਂ ਬੂੰਦਾਂ ਪਿਲਾਉਣ ਸਬੰਧੀ ਲਗਾਏ ਬੂਥ ’ਤੇ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਡਾਕਟਰਾਂ ਦੀ ਹਾਜ਼ਰੀ ਵਿੱਚ ਸਿਵਲ ਸਰਜਨ ਮਨੂੰ ਵਿੱਜ ਵੱਲੋਂ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਮੁਹਿੰਮ ਦੇ ਸ਼ੁਰੂਆਤੀ ਦਿਨ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਕੀਰਤਪੁਰ ਸਾਹਿਬ ਵਿੱਚ 9713, ਭਰਤਗੜ੍ਹ ਵਿੱਚ 6603, ਨੂਰਪੁਰ ਬੇਦੀ ਵਿੱਚ 6262, ਚਮਕੌਰ ਸਾਹਿਬ ਵਿੱਚ 6623, ਰੂਪਨਗਰ ਵਿੱਚ 3894, ਅਨੰਦਪੁਰ ਸਾਹਿਬ ਵਿੱਚ 1963, ਸੀਡੀ ਰਾਜ ਨਗਰ ਵਿੱਚ 1278, ਨੰਗਲ ਵਿੱਚ 621 ਅਤੇ ਮੋਰਿੰਡਾ ਵਿੱਚ 1286 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਅਧੀਨ ਅੱਜ ਪਹਿਲੇ ਦਿਨ ਕੁੱਲ 38,243 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ, ਜੋ ਕਿ ਮਿਥੇ ਹੋਏ ਟੀਚੇ 59,510 ਦਾ 64% ਹਨ।
ਕੁਰਾਲੀ ’ਚ 1346 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ
ਕੁਰਾਲੀ (ਮਿਹਰ ਸਿੰਘ): ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਭੂਸ਼ਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮ ਨੇ ਸਰਸਵਤੀ ਨਰਸਿੰਗ ਇੰਸਟੀਚਿਊਟ ਦੀਆਂ ਸਿਖਿਆਰਥਣਾਂ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ 17 ਬੂਥ ਲਗਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ। ਇਸੇ ਦੌਰਾਨ ਮੋਬਾਈਲ ਟੀਮਾਂ ਵਲੋਂ ਜਨਤਕ ਥਾਵਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਲਾਈਆ।