ਇਕਬਾਲ ਸਿੰਘ ਸ਼ਾਂਤ
ਲੰਬੀ, 5 ਜੁਲਾਈ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਲਾਈਨ ਵਿੱਚ ਅਸਲਾ ਨਵਿਆਉਣ ਲਈ ਰਾਈਫ਼ਲ ਵੈਲਫੇਅਰ ਸਿਖਲਾਈ ਸੈਂਟਰ ਸਰਟੀਫਿਕੇਟ ਲਈ ਹਜ਼ਾਰਾਂ ਰੁਪਏ ਵਸੂਲੇ ਜਾ ਰਹੇ ਹਨ। ਰਿਵਾਲਵਰ, ਪਿਸਟਲ ਲਾਇਸੈਂਸ ਧਾਰਕ ਕੋਲੋਂ ਦੋ ਹਜ਼ਾਰ ਰੁਪਏ ਤੇ ਬੰਦੂਕ ਲਈ ਹਜ਼ਾਰ ਲਏ ਜਾ ਰਹੇ ਹਨ। ਸਾਂਝ ਕੇਂਦਰਾਂ ’ਤੇ ਅਸਲਾ ਨਵਿਆਉਣ ਦੀ ਸਰਕਾਰੀ ਫੀਸ ਕਰੀਬ 4 ਹਜ਼ਾਰ ਰੁਪਏ ਵੱਖਰੀ ਹੈ। ਅੱਜ ਮੀਡੀਆ ਨੇ ਪੁਲੀਸ ਲਾਈਨ ਪੁੱਜ ਕੇ ਇਸ ਦੀ ਵੀਡੀਓ ਬਣਾਈ। ਰੇਂਜ ਆਰਮਰ ਬਰਾਂਚ ਵਿੱਚ ਤਿੰਨ ਦਿਨਾਂ ਵਾਲੀ ਅਸਲਾ ਸਿਖਲਾਈ ਕਰੀਬ ਸਵਾ ਤਿੰਨ ਮਿੰਟਾਂ ਵਿੱਚ ਨਿਪਟਾਈ ਜਾ ਰਹੀ ਹੈ। ਅਸਲਾ ਧਾਰਕ ਕਿਸੇ ਪੰਗੇ ਵਿੱਚ ਪੈਣ ਦੀ ਥਾਂ ਹਜ਼ਾਰਾਂ ਰੁਪਏ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਸੀਦ ਨਾ ਦਿੱਤੇ ਜਾਣ ਤੋਂ ਵੱਡੇ ਖ਼ਦਸ਼ੇ ਉੱਭਰਦੇ ਹਨ। ਇਸ ਦੌਰਾਨ ਸੀਟ ’ਤੇ ਮੌਜੂਦ ਹੌਲਦਾਰ ਨੂੰ ਸਿਖਲਾਈ ਸਰਟੀਫਿਕੇਟ ਅਤੇ ਰਕਮ ਲੈ ਕੇ ਰਸੀਦ ਨਾ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਖਿੱਝ ਕੇ ਕਿਹਾ ‘ਜਾਓ, ਫਿਰ ਉਥੇ ਜਾ ਕੇ ਅਮਰੀਕ ਸਿੰਘ ਤੋਂ ਤਿੰਨ ਦਿਨਾਂ ਦੀ ਸਿਖਲਾਈ ਲੈ ਲਵੋ।’ ਲਖਵਿੰਦਰ ਸਿੰਘ ਵਾਸੀ ਮੰਡੀ ਕਿੱਲਿਆਂਵਾਲੀ ਨੇ ਕਿਹਾ ਕਿ ਉਸ ਤੋਂ ਪੁਲੀਸ ਲਾਈਨ ਵਿੱਚ ਰਾਈਫ਼ਲ ਤੇ ਰਿਵਾਲਵਰ ਲਾਇਸੈਂਸ ਲਈ ਸਿਖਲਾਈ ਸਰਟੀਫਿਕੇਟ ਲਈ ਮੌਜੂਦ ਅਮਲੇ ਨੇ ਤਿੰਨ ਹਜ਼ਾਰ ਰੁਪਏ ਲਏ ਹਨ, ਪਰ ਮੰਗਣ ’ਤੇ ਰਸੀਦ ਨਹੀਂ ਦਿੱਤੀ। ਉਸ ਨੂੰ ਕਿਹਾ ਕਿ ਰਸੀਦ ਸਬੰਧਤ ਥਾਣੇ ਪਹੁੰਚਾ ਦਿੱਤੀ ਜਾਵੇਗੀ। ਨਛੱਤਰ ਸਿੰਘ ਵਾਸੀ ਮੁਕਤਸਰ ਸਾਹਿਬ ਨੇ ਵੀ ਸਰਟੀਫਿਕੇਟ ਲਈ ਬਿਨਾਂ ਰਸੀਦ ਦੋ ਹਜ਼ਾਰ ਅਤੇ ਗੁਰਮੀਤ ਸਿੰਘ ਵਾਸੀ ਔਲਖ ਨੇ ਪੁਲੀਸ ਲਾਈਨ ਵਿੱਚ ਦੋ ਅਸਲਿਆਂ ਲਈ ਬਿਨਾਂ ਰਸੀਦ ਦੇ 3 ਹਜ਼ਾਰ ਰੁਪਏ ਵਸੂਲੇ ਜਾਣ ਦੀ ਗੱਲ ਆਖੀ। ਰੇਂਜ ਆਰਮਰ ਬਰਾਂਚ ਦੇ ਮੁਖੀ ਏਐੱਸਆਈ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੀ ਕਰੀਏ ਲੋਕ ਕਾਹਲੀ ਕਰਦੇ ਹਨ। ਪੱਤਰ ਤਾਂ ਤਿੰਨਾਂ ਦਿਨਾਂ ਸਿਖਲਾਈ ਦਾ ਆਇਆ ਹੋਇਆ ਹੈ। ਸਰਟੀਫਿਕੇਟ ਬਰਾਂਚ ਮੁਖੀ ਕਰਮਜੀਤ ਨੇ ਕਿਹਾ ਕਿ ਐੱਚਡੀਐੱਫ਼ਸੀ ਬੈਂਕ ਵਿੱਚ ਖਾਤਾ ਖੁੱਲ੍ਹਵਾਇਆ ਹੈ ਤੇ ਰਸੀਦ ਵੀ ਦਿੰਦੇ ਹਾਂ।
ਸਬੂਤ ਦਿਓ, ਕਾਰਵਾਈ ਕਰਾਂਗੇ: ਐੱਸਐੱਸਪੀ
ਜ਼ਿਲ੍ਹਾ ਪੁਲੀਸ ਮੁਖੀ ਧਰੁਮਨ ਨਿੰਬਾਲੇ ਨੇ ਫੋਨ ਕਾਲ ’ਤੇ ਗੱਲ ਕਰਨ ਦੀ ਥਾਂ ਵਟਸਐਪ ’ਤੇ ਦਿੱਤੇ ਪੱਖ ਵਿੱਚ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਸਬੂਤ ਭੇਜਣ ਲਈ ਕਿਹਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਅਤੇ ਅਸਲਾ ਸਿਖਲਾਈ ਅਤੇ ਸਰਟੀਫਿਕੇਟ ਬਰਾਂਚ ਇਹ ਸਾਰੇ ਹੀ ਪੁਲੀਸ ਲਾਈਨ ਅੰਦਰ ਸਥਿਤ ਹਨ।