ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਜੂਨ
ਰਾਜਪੁਰਾ ਨੇੜਲੇ ਪਿੰਡ ਸ਼ਾਮਦੂ ਕੈਂਪ ਵਿੱਚ ਪੇਚਸ਼ ਫੈਲਣ ਕਾਰਨ ਦੋ ਬੱਚਿਆਂ ਤੇ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਪੰਜਾਹ ਜਣੇ ਬਿਮਾਰ ਹੋ ਗਏ। ਪਿੰਡ ਵਾਸੀਆਂ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਉਲਟੀਆਂ-ਟੱਟੀਆਂ ਲੱਗ ਗਈਆਂ ਸਨ।
ਮਰਨ ਵਾਲਿਆਂ ਵਿੱਚ ਦੋ ਸਾਲਾ ਸੱਤਿਅਮ, ਚਾਰ ਸਾਲਾ ਸਿਮਰਨ ਕੌਰ ਸਣੇ ਇਕ ਔਰਤ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਅੱਜ ਇਸ ਪਿੰਡ ਦੇ ਲੋਕਾਂ ਨੇ ਛਬੀਲ ਲਾਈ ਸੀ। ਬਿਮਾਰ ਹੋਏ ਇਨ੍ਹਾਂ ਵਿਅਕਤੀਆਂ ਵਿਚੋਂ ਕਈਆਂ ਨੇ ਛਬੀਲ ਵੀ ਪੀਤੀ ਸੀ ਪਰ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਕਿ ਪਿੰਡ ਵਾਸੀ ਛਬੀਲ ਪੀਣ ਕਾਰਨ ਬਿਮਾਰ ਹੋਏ ਜਾਂ ਕੋਈ ਹੋਰ ਕਾਰਨ ਰਿਹਾ। ਇਸੇ ਦੌਰਾਨ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਕਈ ਟੀਮਾਂ ਪਿੰਡ ਪੁੱਜ ਗਈਆਂ, ਜਿਨ੍ਹਾਂ ਨੇ ਹਾਲਤ ਖਰਾਬ ਵਾਲੇ ਮਰੀਜ਼ਾਂ ਨੂੰ ਰਾਜਪੁਰਾ ਵਿਚਲੇ ਹੀ ਏਪੀਜੈਨ ਹਸਪਤਾਲ ’ਚ ਭੇਜ ਦਾਖ਼ਲ ਕਰਵਾਇਆ ਜਦਕਿ ਬਾਕੀਆਂ ਦਾ ਪਿੰਡ ’ਚ ਹੀ ਇਲਾਜ ਕੀਤਾ ਜਾ ਰਿਹਾ ਹੈ। ਉਂਜ ਬਿਮਾਰ ਹੋਏ ਪੰਜਾਹ ਜਣਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਜਾਂਚ ਪਟਿਆਲਾ ਦੇ ਸਿਵਲ ਸਰਜਨ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਇਸੇ ਦੌਰਾਨ ਜਿਥੇ ਹੋਰਨਾਂ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ, ਉਥੇ ਹੀ ਦੋਵਾਂ ਮ੍ਰਿਤਕ ਬੱਚਿਆਂ ਦੇ ਵੀ ਸੈਂਪਲ ਜਾਂਚ ਲਈ ਭੇਜੇ ਗਏ ਹਨ ਤਾਂ ਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਸਕੇ। ਮੁੱਢਲੇ ਤੌਰ ’ਤੇ ਸਿਹਤ ਵਿਭਾਗ ਦੇ ਮੁਲਾਜ਼ਮ ਇਨ੍ਹਾਂ ਮੌਤਾਂ ਦਾ ਕਾਰਨ ਪੇਚਸ਼ ਦਸ ਰਹੇ ਹਨ।