ਜਗਮੋਹਨ ਸਿੰਘ
ਘਨੌਲੀ, 12 ਅਕਤੂਬਰ
ਭਰਤਗੜ੍ਹ ਪੁਲੀਸ ਨੇ ਬੀਤੀ ਰਾਤ ਹਿਮਾਚਲ ਸਾਈਡ ਤੋਂ ਭਰਤਗੜ੍ਹ ਵੱਲ ਝੋਨਾ ਲੈ ਕੇ ਆ ਰਹੇ ਤਿੰਨ ਟਰੈਕਟਰ-ਟਰਾਲੀਆਂ ਨੂੰ ਕਾਬੂ ਕਰਨ ਉਪਰੰਤ ਹਿਮਾਚਲ ਪ੍ਰਦੇਸ਼ ਦੇ ਵਸਨੀਕ ਤਿੰਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਫੜੇ ਗਏ ਤਿੰਨੋਂ ਟਰੈਕਟਰ ਪੰਜਾਬ ਦੇ ਰਜਿਸਟਰੇਸ਼ਨ ਨੰਬਰਾਂ ਵਾਲੇ ਹਨ। ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ-ਇੰਸਪੈਕਰ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਭਰਤਗੜ੍ਹ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਰਸਤੇ ’ਤੇ ਲਗਾਏ ਨਾਕੇ ਦੌਰਾਨ ਹਿਮਾਚਲ ਪ੍ਰਦੇਸ਼ ਵਾਲੀ ਸਾਈਡ ਤੋਂ ਤਿੰਨ ਟਰੈਕਟਰ ਟਰਾਲੀਆਂ ਜ਼ੀਰੀ ਦੀਆਂ ਆਈਆਂ, ਜਿਨ੍ਹਾਂ ਵਿੱਚੋਂ ਇਕ ਟਰੈਕਟਰ ਨੂੰ ਰਣਜੀਤ ਸਿੰਘ ਵਾਸੀ ਦਬੋਟਾ, ਇਕ ਟਰੈਕਟਰ ਨੂੰ ਲਖਵਿੰਦਰ ਸਿੰਘ ਵਾਸੀ ਦੁੱਗਰੀ ਅਤੇ ਇਕ ਟਰੈਕਟਰ ਨੂੰ ਬਲਵਿੰਦਰ ਸਿੰਘ ਵਾਸੀ ਦੁੱਗਰੀ (ਹਿ.ਪ੍ਰ.) ਚਲਾ ਰਿਹਾ ਸੀ। ਡਰਾਈਵਰ ਇਨ੍ਹਾਂ ਟਰਾਲੀਆਂ ਵਿੱਚ ਲੋਡ ਜ਼ੀਰੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਸਕੱਤਰ ਮਾਰਕੀਟ ਕਮੇਟੀ ਰੂਪਨਗਰ ਅਰਚਨਾ ਬਾਂਸਲ ਦੀ ਦਰਖਾਸਤ ’ਤੇ ਇਨ੍ਹਾਂ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਵਿਰੁੱਧ ਧਾਰਾ 420, 120ਬੀ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।