ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 10 ਮਈ
ਪਿੰਡ ਚੱਕ ਅਰਨੀਵਾਲਾ ਨਜ਼ਦੀਕ ਕੱਲਰਾਂ ਵਾਲਾ ਪੁਲ ਕੋਲ ਅੱਜ ਸਵੇਰੇ ਕਰੀਬ 9.30 ਵਜੇ ਇਕ ਪ੍ਰਾਈਵੇਟ ਕੰਪਨੀ ਦੀ ਮਿਨੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲਵਜੋਤ ਕੌਰ (18), ਸੁਨੀਤਾ ਰਾਣੀ (18) ਅਤੇ ਕ੍ਰਿਸ਼ਨ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ’ਚ ਤਿੰਨ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ 12 ਜ਼ਖ਼ਮੀਆਂ ਨੂੰ ਫ਼ਾਜ਼ਿਲਕਾ ਅਤੇ ਫ਼ਰੀਦਕੋਟ ਦੇ ਹਸਪਤਾਲਾਂ ’ਚ ਰੈਫਰ ਕੀਤਾ ਗਿਆ ਹੈ ਜਦਕਿ 25 ਜ਼ਖ਼ਮੀਆਂ ਦਾ ਇਲਾਜ ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਮਿਨੀ ਬੱਸ ਮੰਡੀ ਰੋੜਾਂ ਵਾਲੀ ਤੋਂ ਚੱਲ ਕੇ ਜਲਾਲਾਬਾਦ ਨੂੰ ਆ ਰਹੀ ਸੀ। ਇਸ ਬੱਸ ਵਿੱਚ ਸਵਾਰ ਵੱਖ ਵੱਖ ਪਿੰਡਾਂ ਦੇ ਵੱਡੀ ਗਿਣਤੀ ’ਚ ਨੌਜਵਾਨ ਲੜਕੇ-ਲੜਕੀਆਂ ਆਪਣੇ ਸਕੂਲਾਂ-ਕਾਲਜਾਂ ਲਈ ਜਾ ਰਹੇ ਸਨ। ਇਸ ਹਾਦਸੇ ਕਾਰਨ ਦੋ ਕੁੜੀਆਂ ਅਤੇ ਘਟਨਾ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਦੋਵੇਂ ਫ਼ਰਾਰ ਹੋ ਗਏ। ਐੱਸਪੀ (ਡੀ) ਅਜੇ ਰਾਜ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਲਾਪ੍ਰਵਾਹੀ ਨਾਲ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਡਰਾਈਵਰ ਅਮਨਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।